ਰੂਸ : ਰੂਸ ਅਤੇ ਯੂਕਰੇਨ ਵਿਚਾਲੇ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਡੋਨਾਲਡ ਟਰੰਪ 2022 ਵਿੱਚ ਅਮਰੀਕੀ ਰਾਸ਼ਟਰਪਤੀ ਹੁੰਦੇ ਤਾਂ ਯੂਕਰੇਨ ਯੁੱਧ ਨੂੰ ਟਾਲਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ‘ਤੇ ਟਰੰਪ ਨਾਲ ਗੱਲ ਕਰਨ ਲਈ ਤਿਆਰ ਹਨ।
ਰੂਸੀ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ 2020 ਵਿੱਚ ਟਰੰਪ ਤੋਂ ਜਿੱਤ ਚੋਰੀ ਹੋ ਗਈ ਸੀ। ਇਸ ਤੋਂ ਪਹਿਲਾਂ 2020 ‘ਚ ਡੋਨਾਲਡ ਟਰੰਪ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੂੰ ਚੋਣਾਂ ‘ਚ ਧਾਂਦਲੀ ਕਰਕੇ ਹਰਾਇਆ ਗਿਆ ਸੀ। ਟਰੰਪ ਕਈ ਵਾਰ ਇਹ ਵੀ ਦਾਅਵਾ ਕਰ ਚੁੱਕੇ ਹਨ ਕਿ ਜੇਕਰ ਉਹ ਜੋ ਬਿਡੇਨ ਦੀ ਥਾਂ ਅਮਰੀਕਾ ਦੇ ਰਾਸ਼ਟਰਪਤੀ ਹੁੰਦੇ ਤਾਂ ਯੂਕਰੇਨ ਯੁੱਧ ਸ਼ੁਰੂ ਨਾ ਹੁੰਦਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੈਟਰੋਲੀਅਮ ਬਰਾਮਦ ਕਰਨ ਵਾਲੇ ਦੇਸ਼ਾਂ ਦੇ ਸੰਗਠਨ (ਓਪੇਕ) ਨੂੰ ਤੇਲ ਦੀਆਂ ਕੀਮਤਾਂ ਘਟਾਉਣ ਲਈ ਕਿਹਾ ਹੈ। ਟਰੰਪ ਦਾ ਮੰਨਣਾ ਹੈ ਕਿ ਇਸ ਨਾਲ ਰੂਸ-ਯੂਕਰੇਨ ਜੰਗ ਨੂੰ ਰੋਕਿਆ ਜਾ ਸਕਦਾ ਹੈ।
ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਵਿਸ਼ਵ ਆਰਥਿਕ ਫੋਰਮ ਦੇ ਸਾਲਾਨਾ ਸੰਮੇਲਨ ਵਿੱਚ ਵੀਡੀਓ ਕਾਨਫਰੰਸ ਰਾਹੀਂ ਬੋਲਦਿਆਂ, ਟਰੰਪ ਨੇ ਤਿੰਨ ਸਾਲਾਂ ਤੋਂ ਚੱਲੀ ਯੂਕਰੇਨ ਜੰਗ ਲਈ ਓਪੇਕ + ਗੱਠਜੋੜ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਤੋਂ ਇਲਾਵਾ ਟਰੰਪ ਨੇ ਸ਼ੁੱਕਰਵਾਰ ਨੂੰ ਉੱਤਰੀ ਕੈਰੋਲੀਨਾ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵੀ ਇਸ ਗੱਲ ਨੂੰ ਦੁਹਰਾਇਆ। ਟਰੰਪ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ‘ਚ ਲਿਖਿਆ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕਰੇਨ ਨਾਲ ਸਮਝੌਤਾ ਕਰਨਾ ਚਾਹੀਦਾ ਹੈ। ਉਸਨੇ ਪੁਤਿਨ ਨੂੰ ਚੇਤਾਵਨੀ ਦਿੱਤੀ ਕਿ, ਜੇਕਰ ਪੁਤਿਨ ਨੇ ਯੂਕਰੇਨ ਵਿੱਚ “ਮੂਰਖ ਯੁੱਧ” ਨੂੰ ਖਤਮ ਨਹੀਂ ਕੀਤਾ, ਤਾਂ ਉਸਨੂੰ ਉੱਚ ਟੈਰਿਫ ਅਤੇ ਵਾਧੂ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ।