ਕੋਲੰਬੋ : ਸ਼੍ਰੀਲੰਕਾ ਤੋਂ ਅਡਾਨੀ ਗਰੁੱਪ ਲਈ ਇਕ ਨੁਕਸਾਨ ਦੀ ਖਬਰ ਸਾਹਮਣੇ ਆ ਰਹੀ ਹੈ। ਸ਼੍ਰੀਲੰਕਾ ਨੇ ਅਡਾਨੀ ਗਰੁੱਪ ਨਾਲ ਬਿਜਲੀ ਖਰੀਦ ਸਮਝੌਤਾ ਖਤਮ ਕਰ ਦਿੱਤਾ ਹੈ। ਸਰਕਾਰ ਨੇ ਮਈ 2024 ਵਿੱਚ ਅਡਾਨੀ ਵਿੰਡ ਪਾਵਰ ਕੰਪਲੈਕਸ ਤੋਂ ਬਿਜਲੀ ਖਰੀਦਣ ਲਈ ਸਮਝੌਤਾ ਕੀਤਾ ਸੀ।
ਕੰਪਨੀ ਸ਼੍ਰੀਲੰਕਾ ਦੇ ਮੰਨਾਰ ਅਤੇ ਪੁਨੇਰੀ ਤੱਟੀ ਖੇਤਰਾਂ ਵਿੱਚ ਇਸ 484 ਮੈਗਾਵਾਟ ਵਿੰਡ ਪਾਵਰ ਕੰਪਲੈਕਸ ਦਾ ਨਿਰਮਾਣ ਕਰਨ ਜਾ ਰਹੀ ਹੈ। ਸ਼੍ਰੀਲੰਕਾ ਸਰਕਾਰ ਨੇ ਇਸ ਪਾਵਰ ਕੰਪਲੈਕਸ ਤੋਂ $0.0826 (ਮੌਜੂਦਾ ਮੁੱਲ – ਲਗਭਗ 7.12 ਰੁਪਏ) ਪ੍ਰਤੀ ਕਿਲੋਵਾਟ ਦੀ ਦਰ ਨਾਲ ਬਿਜਲੀ ਖਰੀਦਣ ਲਈ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਸਨ। ਏਐਫਪੀ ਨੇ ਸੂਤਰਾਂ ਦੇ ਹਵਾਲੇ ਨਾਲ ਇਸ ਸਮਝੌਤੇ ਨੂੰ ਰੱਦ ਕਰਨ ਦੀ ਜਾਣਕਾਰੀ ਦਿੱਤੀ ਹੈ। ਰਿਪੋਰਟਾਂ ਮੁਤਾਬਕ ਸਰਕਾਰ ਨੇ ਬਿਜਲੀ ਖਰੀਦਣ ਤੋਂ ਨਾਂਹ ਕਰ ਦਿੱਤੀ ਹੈ ਪਰ ਪ੍ਰਾਜੈਕਟ ਨੂੰ ਰੋਕਿਆ ਨਹੀਂ ਗਿਆ ਹੈ।
ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕ ਦੇ ਪ੍ਰਸ਼ਾਸਨ ਨੇ ਸਮੂਹ ਕੰਪਨੀਆਂ ਦੇ ਸਥਾਨਕ ਪ੍ਰੋਜੈਕਟਾਂ ਦੀ ਸਮੀਖਿਆ ਕਰਨ ਲਈ ਇੱਕ ਕਮੇਟੀ ਵੀ ਬਣਾਈ ਹੈ। ਕਈ ਸ਼੍ਰੀਲੰਕਾਈ ਕਾਰਕੁਨਾਂ ਨੇ ਇਸ ਪ੍ਰੋਜੈਕਟ ਨੂੰ ਚੁਣੌਤੀ ਦਿੱਤੀ ਸੀ, ਇਹ ਦਲੀਲ ਦਿੱਤੀ ਸੀ ਕਿ ਕਈ ਛੋਟੇ ਨਵਿਆਉਣਯੋਗ ਊਰਜਾ ਪ੍ਰੋਜੈਕਟ ਅਡਾਨੀ ਦੀ ਦੋ ਤਿਹਾਈ ਕੀਮਤ ‘ਤੇ ਬਿਜਲੀ ਵੇਚ ਰਹੇ ਹਨ। ਇਸ ਤੋਂ ਇਲਾਵਾ ਵਾਤਾਵਰਨ ਸਬੰਧੀ ਚਿੰਤਾਵਾਂ ਕਾਰਨ ਕੰਪਨੀ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਵੱਖਰਾ ਕੇਸ ਚੱਲ ਰਿਹਾ ਹੈ।