ਥਾਈਲੈਂਡ : ਥਾਈਲੈਂਡ ਲਈ ਅੱਜ ਦਾ ਦਿਨ ਯਾਦਗਾਰ ਵਾਲਾ ਦਿਨ ਹੈ। ਥਾਈਲੈਂਡ ਵਿੱਚ ਅੱਜ ਯਾਨੀ 23 ਜਨਵਰੀ ਤੋਂ ਸਮਲਿੰਗੀ ਵਿਆਹ ਕਾਨੂੰਨੀ ਹੋ ਗਿਆ ਹੈ। ਇਸ ਤੋਂ ਬਾਅਦ ਕਈ ਸਮਲਿੰਗੀ ਜੋੜਿਆਂ ਨੇ ਆਪਣੇ ਵਿਆਹ ਰਜਿਸਟਰ ਕਰਵਾਏ।
ਨਿਊਜ਼ ਏਜੰਸੀ ਏਐਫਪੀ ਮੁਤਾਬਕ ਤਾਈਵਾਨ ਅਤੇ ਨੇਪਾਲ ਤੋਂ ਬਾਅਦ ਥਾਈਲੈਂਡ ਏਸ਼ੀਆ ਦਾ ਤੀਜਾ ਵੱਡਾ ਦੇਸ਼ ਹੈ, ਜਿਸ ਨੇ ਸਮਲਿੰਗੀ ਵਿਆਹ ਨੂੰ ਮਾਨਤਾ ਦਿੱਤੀ ਹੈ। ਇਸ ਮੌਕੇ ਥਾਈਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੇਸ਼ਠ ਥਾਵਿਸਿਨ ਨੇ ਕਿਹਾ ਕਿ ਅਸੀਂ ਅਮਰੀਕਾ ਨਾਲੋਂ ਜ਼ਿਆਦਾ ਖੁੱਲ੍ਹੇ ਦਿਲ ਵਾਲੇ ਹਾਂ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਪਟੋਂਗਤਾਰਨ ਸ਼ਿਨਾਵਾਤਰਾ ਨੇ ਐਕਸ ‘ਤੇ ਲਿਖਿਆ ਅੱਜ ਥਾਈਲੈਂਡ ‘ਤੇ ਰੇਨਬੋ ਫਲੈਗ (ਗੇਅ ਫਲੈਗ) ਮਾਣ ਨਾਲ ਉੱਡ ਰਿਹਾ ਹੈ।
ਨਵੇਂ ਵਿਆਹ ਕਾਨੂੰਨ ਵਿੱਚ ਪੁਰਸ਼, ਔਰਤ, ਪਤੀ ਅਤੇ ਪਤਨੀ ਦੀ ਥਾਂ ਲਿੰਗ ਨਿਰਪੱਖ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਨਵੇਂ ਕਾਨੂੰਨ ਵਿੱਚ ਟਰਾਂਸਜੈਂਡਰਾਂ ਨੂੰ ਵੀ ਵਿਆਹ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਥਾਈ ਅਦਾਕਾਰ ਅਪੀਵਾਤ ਪੋਰਸ਼ਾ ਨੇ ਆਪਣੇ ਸਾਥੀ ਸਪਾਨਿਓ ਆਰਮ ਨਾਲ ਆਪਣਾ ਵਿਆਹ ਰਜਿਸਟਰ ਕਰਵਾਇਆ। 2001 ਵਿੱਚ, ਨੀਦਰਲੈਂਡ ਸਮਲਿੰਗੀ ਵਿਆਹ ਦੀ ਇਜਾਜ਼ਤ ਦੇਣ ਵਾਲਾ ਪਹਿਲਾ ਦੇਸ਼ ਸੀ। ਇਸ ਤੋਂ ਬਾਅਦ 30 ਤੋਂ ਵੱਧ ਦੇਸ਼ਾਂ ਨੇ ਇਸ ਵਿਆਹ ਨੂੰ ਮਾਨਤਾ ਦਿੱਤੀ ਹੈ।