ਅਮਰੀਕਾ : ਡੋਨਾਲਡ ਟਰੰਪ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ ਹੈ। ਆਪਣੀ ਸਹੁੰ ਚੁੱਕਣ ਤੋਂ ਬਾਅਦ ਟਰੰਪ ਨੇ ਕਈ ਫ਼ੈੈਸਲੇ ਲਏ ਹਨ। ਹੁਣ ਟਰੰਪ ਦਾ ਵੱਡਾ ਫ਼ੈਸਲਾ ਪ੍ਰਵਾਸੀਆਂ ਖ਼ਿਲਾਫ਼ ਸੀ। ਟਰੰਪ ਨੇ ਇਕ ਹੁਕਮ ‘ਤੇ ਦਸਤਖਤ ਕਰਦੇ ਹੋਏ ਐਲਾਨ ਕੀਤਾ ਕਿ ਜਿਹੜੇ ਲੋਕ ਬਿਨਾਂ ਕਾਗਜ਼ਾਂ ਜਾਂ ਕਾਨੂੰਨੀ ਦਸਤਾਵੇਜ਼ਾਂ ਦੇ ਅਮਰੀਕਾ ਵਿਚ ਰਹਿ ਰਹੇ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ਾਂ ਵਿਚ ਡਿਪੋਰਟ ਕਰ ਦਿੱਤਾ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਟਰੰਪ ਨੇ ਅਮਰੀਕਾ ਵਿੱਚ ਪੈਦਾ ਹੋਏ ਬੱਚਿਆਂ ਨੂੰ ਨਾਗਰਿਕਤਾ ਦੇਣ ਲਈ ਇੱਕ ਕਾਰਜਕਾਰੀ ਆਦੇਸ਼ ਉੱਤੇ ਵੀ ਦਸਤਖਤ ਕੀਤੇ ਸਨ। ਇਸ ਹੁਕਮ ਤੋਂ ਬਾਅਦ ਹੁਣ ਅਮਰੀਕਾ ‘ਚ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਜਨਮ ਅਧਿਕਾਰ ਨਾਗਰਿਕਤਾ ਨਹੀਂ ਮਿਲੇਗੀ। ਟਰੰਪ ਦੇ ਇਸ ਹੁਕਮ ਨਾਲ ਅਮਰੀਕਾ ਦੇ ਵੱਖ-ਵੱਖ ਰਾਜਾਂ ਜਿਵੇਂ ਫਲੋਰੀਡਾ, ਟੈਕਸਾਸ, ਨਿਊਯਾਰਕ ਅਤੇ ਨਿਊਜਰਸੀ ਵਿਚ ਰਹਿ ਰਹੇ 725,000 ਗੈਰ-ਦਸਤਾਵੇਜ਼ ਭਾਰਤੀ ਪ੍ਰਭਾਵਿਤ ਹੋਏ ਹਨ। ਇਹ ਹੁਕਮ ਇਨ੍ਹਾਂ ਲੋਕਾਂ ਲਈ ਚਿੰਤਾ ਦਾ ਕਾਰਨ ਬਣ ਗਿਆ ਹੈ।
ਅਮਰੀਕਾ ਵਿੱਚ ਰਹਿ ਰਹੇ ਪਰਵਾਸੀ ਪਰਿਵਾਰਾਂ ਵਿੱਚ ਖਾਸ ਕਰਕੇ ਉਨ੍ਹਾਂ ਪਰਿਵਾਰਾਂ ਵਿੱਚ ਡਰ ਅਤੇ ਭੰਬਲਭੂਸੇ ਦੀ ਸਥਿਤੀ ਬਣੀ ਹੋਈ ਹੈ, ਜਿਨ੍ਹਾਂ ਕੋਲ ਕਾਨੂੰਨੀ ਦਸਤਾਵੇਜ਼ ਨਹੀਂ ਹਨ। ਕੁਝ ਪਰਿਵਾਰ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਕੀ ਬੱਚਿਆਂ ਨੂੰ ਸਕੂਲ ਭੇਜਣਾ ਸੁਰੱਖਿਅਤ ਰਹੇਗਾ। ਹਾਲ ਹੀ ਵਿੱਚ ਟਰੰਪ ਪ੍ਰਸ਼ਾਸਨ ਨੇ ਘੋਸ਼ਣਾ ਕੀਤੀ ਕਿ ਇਮੀਗ੍ਰੇਸ਼ਨ ਏਜੰਸੀਆਂ ਹੁਣ ਸਕੂਲਾਂ, ਚਰਚਾਂ ਅਤੇ ਹਸਪਤਾਲਾਂ ਵਿੱਚ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕਰ ਸਕਦੀਆਂ ਹਨ। ਇਸ ਨਾਲ ਕਈ ਪਰਵਾਸੀ ਪਰਿਵਾਰਾਂ ਨੂੰ ਹੋਰ ਵੀ ਚਿੰਤਾ ਹੋ ਗਈ ਹੈ।
ਮੈਕਸੀਕੋ ਦੀ ਰਹਿਣ ਵਾਲੀ ਇੱਕ ਔਰਤ ਕਾਰਮੇਨ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਸੁਣਿਆ ਕਿ ਇਮੀਗ੍ਰੇਸ਼ਨ ਏਜੰਸੀ ਸਕੂਲਾਂ ਵਿੱਚ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ਤਾਂ ਉਹ ਡਰ ਗਈ। ਉਹ ਆਪਣੇ 6 ਅਤੇ 4 ਸਾਲ ਦੇ ਪੋਤੇ-ਪੋਤੀਆਂ ਨੂੰ ਸਕੂਲ ਤੋਂ ਲੈ ਗਈ ਅਤੇ ਸਕੂਲ ਪ੍ਰਸ਼ਾਸਨ ਤੋਂ ਵਾਅਦਾ ਕੀਤਾ ਕਿ ਜੇਕਰ ਅਧਿਕਾਰੀ ਆਉਂਦੇ ਹਨ, ਤਾਂ ਉਹ ਪਰਿਵਾਰ ਨੂੰ ਸੂਚਿਤ ਕਰਨਗੇ ਅਤੇ ਉਨ੍ਹਾਂ ਦੀ ਮਦਦ ਕਰਨਗੇ। ਬਹੁਤ ਸਾਰੇ ਸਕੂਲਾਂ ਤੋਂ ਜਾਣਕਾਰੀ ਮਿਲੀ ਹੈ ਕਿ ਚਿੰਤਾ ਵਿੱਚ ਡੁੱਬੇ ਮਾਪੇ ਸਕੂਲਾਂ ਨੂੰ ਫੋਨ ਕਰਕੇ ਪੁੱਛ ਰਹੇ ਹਨ ਕਿ ਜੇਕਰ ਇਮੀਗ੍ਰੇਸ਼ਨ ਏਜੰਟ ਸਕੂਲ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ ਤਾਂ ਸਕੂਲ ਪ੍ਰਸ਼ਾਸਨ ਕੀ ਕਰੇਗਾ।
ਕੁਝ ਸਕੂਲ ਪ੍ਰਬੰਧਕ ਅਤੇ ਸਿੱਖਿਆ ਅਧਿਕਾਰੀ ਪਰਵਾਸੀ ਵਿਦਿਆਰਥੀਆਂ ਦੇ ਹੱਕ ਵਿੱਚ ਖੜ੍ਹੇ ਹੋਏ ਹਨ। ਉਦਾਹਰਨ ਲਈ, ਡੀ.ਸੀ ਦੁਭਾਸ਼ੀ ਪਬਲਿਕ ਚਾਰਟਰ ਸਕੂਲ ਦੀ ਮੁਖੀ, ਡੈਨੀਏਲਾ ਐਨੇਲੋ ਨੇ ਕਿਹਾ ਕਿ ਉਹ ਟਰੰਪ ਦੇ ਐਲਾਨ ਤੋਂ ਹੈਰਾਨ ਹੈ ਅਤੇ ਇਹ ਕਿ ਸਕੂਲਾਂ ਨੂੰ ਇਮੀਗ੍ਰੇਸ਼ਨ ਏਜੰਟਾਂ ਤੋਂ ਡਰਨ ਦੀ ਮੰਗ ਕਰਨਾ ਗਲਤ ਸੀ। ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ ਅਨੁਸਾਰ, ਅੰਦਾਜ਼ਨ 733,000 ਸਕੂਲੀ ਬੱਚੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਰਹਿ ਰਹੇ ਹਨ, ਜਿਨ੍ਹਾਂ ਵਿੱਚੋਂ ਕਈਆਂ ਦੇ ਮਾਪੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਰਹਿ ਰਹੇ ਹਨ। ਅਮਰੀਕਾ ਵਿੱਚ ਡੋਨਾਲਡ ਟਰੰਪ ਦੇ ਸਖ਼ਤ ਫ਼ੈੈਸਲਿਆਂ ਨੇ ਪ੍ਰਵਾਸੀ ਪਰਿਵਾਰਾਂ ਵਿੱਚ ਡਰ ਅਤੇ ਚਿੰਤਾ ਪੈਦਾ ਕਰ ਦਿੱਤੀ ਹੈ। ਖਾਸ ਕਰਕੇ ਉਨ੍ਹਾਂ ਪਰਿਵਾਰਾਂ ਲਈ ਜੋ ਬਿਨਾਂ ਦਸਤਾਵੇਜ਼ਾਂ ਦੇ ਅਮਰੀਕਾ ਵਿੱਚ ਰਹਿ ਰਹੇ ਹਨ, ਉਨ੍ਹਾਂ ਲਈ ਇਹ ਇੱਕ ਵੱਡਾ ਸੰਕਟ ਬਣ ਗਿਆ ਹੈ। ਹਾਲਾਂਕਿ ਕੁਝ ਸਕੂਲ ਪ੍ਰਸ਼ਾਸਕ ਅਤੇ ਸਿੱਖਿਆ ਅਧਿਕਾਰੀ ਉਨ੍ਹਾਂ ਦੇ ਸਮਰਥਨ ਵਿੱਚ ਖੜ੍ਹੇ ਹੋਏ ਹਨ, ਪਰ ਟਰੰਪ ਦੇ ਹੁਕਮਾਂ ਨੇ ਪ੍ਰਵਾਸੀਆਂ ਲਈ ਸਥਿਤੀ ਨੂੰ ਹੋਰ ਮੁਸ਼ਕਲ ਬਣਾ ਦਿੱਤਾ ਹੈ।