ਮੁੰਬਈ : ਸੈਫ਼ ਅਲੀ ਖਾਨ ਨੂੰ ਹਸਪਤਾਲ ਤੋਂ ਛੁਟੀ ਮਿਲ ਗਈ ਹੈ। 15 ਜਨਵਰੀ ਦੀ ਰਾਤ ਨੂੰ ਹੋਏ ਹਮਲੇ ‘ਚ ਜ਼ਖਮੀ ਹੋਣ ਤੋਂ ਬਾਅਦ ਅਭਿਨੇਤਾ ਸੈਫ ਅਲੀ ਖਾਨ ਆਟੋ ਰਾਹੀਂ ਲੀਲਾਵਤੀ ਹਸਪਤਾਲ ਪਹੁੰਚੇ ਸਨ। 21 ਜਨਵਰੀ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਉਹ ਉਕਤ ਆਟੋ ਚਾਲਕ ਭਜਨ ਸਿੰਘ ਨੂੰ ਮਿਲੇ ਅਤੇ ਧੰਨਵਾਦ ਕੀਤਾ।
ਸੈਫ ਦੀ ਮਾਂ ਸ਼ਰਮੀਲਾ ਨੇ ਵੀ ਸਮੇਂ ‘ਤੇ ਹਸਪਤਾਲ ਪਹੁੰਚਾਉਣ ਲਈ ਆਟੋ ਡਰਾਈਵਰ ਦਾ ਧੰਨਵਾਦ ਕੀਤਾ। ਇਧਰ, ਹਮਲੇ ਦੇ 6 ਦਿਨ ਬਾਅਦ ਬਾਂਦਰਾ ਪੁਲਿਸ ਸੈਫ ਅਲੀ ਖਾਨ ਦੇ ਬਿਆਨ ਦਰਜ ਕਰਵਾਉਣ ਲਈ ਉਸਦੇ ਘਰ ਪਹੁੰਚੀ। ਮੁੰਬਈ ਪੁਲਿਸ ਨੇ ਦੋਸ਼ੀ ਸ਼ਰੀਫੁਲ ਨੂੰ 19 ਜਨਵਰੀ ਦੀ ਦੇਰ ਰਾਤ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਦੀ ਜਾਂਚ ਹੁਣ ਸੁਦਰਸ਼ਨ ਗਾਇਕਵਾੜ ਦੀ ਥਾਂ ਅਜੇ ਲਿੰਗੁਕਰ ਨੂੰ ਸੌਂਪੀ ਗਈ ਹੈ। ਆਈਓ ਨੂੰ ਹਟਾਉਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ।
ਮੁੰਬਈ ਪੁਲਿਸ ਨੇ ਮੰਗਲਵਾਰ ਸਵੇਰੇ ਅਤੇ ਦੇਰ ਰਾਤ ਨੂੰ ਅਪਰਾਧ ਸੀਨ ਨੂੰ ਦੁਬਾਰਾ ਬਣਾਇਆ ਸੀ। ਪੁਲਿਸ ਨੇ ਦੋਸ਼ੀ ਸ਼ਰੀਫੁਲ ਇਸਲਾਮ ਨੂੰ ਸੈਫ ਦੇ ਘਰ ਤੋਂ ਕਰੀਬ 500 ਮੀਟਰ ਦੀ ਦੂਰੀ ‘ਤੇ ਕਾਬੂ ਕਰ ਲਿਆ। ਪੁਲਿਸ ਨੇ ਦੱਸਿਆ ਕਿ ਦੋਸ਼ੀ ਬਾਥਰੂਮ ਦੀ ਖਿੜਕੀ ਰਾਹੀਂ ਸੈਫ ਦੇ ਘਰ ‘ਚ ਦਾਖਲ ਹੋਏ ਸਨ ਅਤੇ ਹਮਲੇ ਤੋਂ ਬਾਅਦ ਇੱਥੋਂ ਵੀ ਬਾਹਰ ਆ ਗਏ ਸਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੈਫ ਅਲੀ ਖਾਨ ਜਲਦ ਹੀ ਆਪਣੇ ਨਾਲ ਹਮਲੇ ‘ਚ ਜ਼ਖਮੀ ਹੋਈ ਹਾਊਸਕੀਪਰ ਅਰਿਆਨਾ ਫਿਲਿਪ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਇਨਾਮ ਦੇਣਗੇ। ਹਮਲੇ ਦੌਰਾਨ ਉਸ ਦੀਆਂ ਚੀਕਾਂ ਸੁਣ ਕੇ ਸੈਫ ਬੇਟੇ ਜੇਹ ਦੇ ਕਮਰੇ ‘ਚ ਪਹੁੰਚ ਗਿਆ ਸੀ।