HomeSportਭਾਰਤ ਤੇ ਇੰਗਲੈਂਡ ਵਿਚਾਲੇ ਹੋਵੇਗਾ ਮੁਕਾਬਲਾ, ਮੁਹੰਮਦ ਸ਼ਮੀ ‘ਤੇ ਹੋਣਗੀਆਂ ਸਭ ਦੀਆਂ...

ਭਾਰਤ ਤੇ ਇੰਗਲੈਂਡ ਵਿਚਾਲੇ ਹੋਵੇਗਾ ਮੁਕਾਬਲਾ, ਮੁਹੰਮਦ ਸ਼ਮੀ ‘ਤੇ ਹੋਣਗੀਆਂ ਸਭ ਦੀਆਂ ਨਜ਼ਰਾਂ

ਕੋੋਲਕਾਤਾ : ਸਭ ਦੀਆਂ ਨਜ਼ਰਾਂ ਟੀਮ ‘ਚ ਫਿੱਟ ਹੋ ਕੇ ਵਾਪਸੀ ਕਰਨ ਵਾਲੇ ਮੁਹੰਮਦ ਸ਼ਮੀ ਦੀ ਵਾਪਸੀ ‘ਤੇ ਹੋਣਗੀਆਂ, ਜਦੋਂ ਸੂਰਿਆਕੁਮਾਰ ਯਾਦਵ ਦੀ ਕਪਤਾਨੀ ਵਾਲੀ ਭਾਰਤੀ ਟੀ-20 ਟੀਮ ਭਲਕੇ ਇੰਗਲੈਂਡ ਨਾਲ 5 ਮੈਚਾਂ ਦੀ ਟੀ-20 ਸੀਰੀਜ਼ ‘ਚ ਭਿੜੇਗੀ। ਭਾਰਤੀ ਟੀਮ ਆਸਟ੍ਰੇਲੀਆ ਦੌਰੇ ‘ਤੇ ਹੋਈ ਨਮੋਸ਼ੀਜਨਕ ਹਾਰ ਦੇ ਕਾਰਨ ਲੱਗੇ ਜ਼ਖਮਾਂ ਨੂੰ ਵੀ ਭਰਨ ਦਾ ਟੀਚਾ ਰੱਖੇਗੀ।

ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਟੀ-20 ਅਤੇ ਤਿੰਨ ਵਨਡੇ ਮੈਚ ਖੇਡੇ ਜਾਣਗੇ, ਜੋ ਕਿ ਅਗਲੇ ਮਹੀਨੇ ਹੋਣ ਵਾਲੀ ਚੈਂਪੀਅਨਸ ਟਰਾਫੀ ਤੋਂ ਪਹਿਲਾਂ ਦੋਵਾਂ ਟੀਮਾਂ ਲਈ ਆਪਣਾ ਮੁਲਾਂਕਣ ਕਰਨ ਦਾ ਸੁਨਹਿਰੀ ਮੌਕਾ ਹੈ। ਇੱਕ ਰੋਜ਼ਾ ਵਿਸ਼ਵ ਕੱਪ 2023 ਵਿੱਚ ਚਾਰ ਮੈਚਾਂ ਵਿੱਚੋਂ ਬਾਹਰ ਹੋਣ ਦੇ ਬਾਵਜੂਦ, ਸ਼ਮੀ 24 ਵਿਕਟਾਂ ਲੈ ਕੇ ਭਾਰਤ ਦਾ ਸਭ ਤੋਂ ਸਫਲ ਗੇਂਦਬਾਜ਼ ਸੀ। ਉਨ੍ਹਾਂ ਨੇ ਵਾਨਖੇੜੇ ਸਟੇਡੀਅਮ ‘ਚ ਨਿਊਜ਼ੀਲੈਂਡ ਖ਼ਿਲਾਫ਼ ਸੈਮੀਫਾਈਨਲ ‘ਚ 57 ਦੌੜਾਂ ਦੇ ਕੇ 7 ਵਿਕਟਾਂ ਲਈਆਂ ਸਨ। ਉਨ੍ਹਾਂ ਨੇ ਟੀ-20 ਕ੍ਰਿਕਟ ‘ਚ ਕੁੱਲ 24 ਵਿਕਟਾਂ ਲਈਆਂ ਹਨ ਅਤੇ ਉਹ ਇਸ ‘ਚ ਆਪਣੇ ਪ੍ਰਦਰਸ਼ਨ ‘ਚ ਸੁਧਾਰ ਕਰਨਾ ਚਾਹੇਗਾ।

ਸ਼ਮੀ 19 ਨਵੰਬਰ 2023 ਨੂੰ ਆਸਟ੍ਰੇਲੀਆ ਖ਼ਿਲਾਫ਼ ਫਾਈਨਲ ਹਾਰਨ ਤੋਂ ਬਾਅਦ ਗਿੱਟੇ ਦੀ ਸੱਟ ਕਾਰਨ ਟੀਮ ਤੋਂ ਬਾਹਰ ਹਨ। ਇਸ ਤੋਂ ਬਾਅਦ ਉਨ੍ਹਾਂ ਦੇ ਖੱਬੇ ਗੋਡੇ ‘ਚ ਸੋਜ ਆ ਗਈ। ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਪਿੱਠ ਦੀ ਸੱਟ ਕਾਰਨ ਚੈਂਪੀਅਨਜ਼ ਟਰਾਫੀ ‘ਚ ਖੇਡਣਾ ਤੈਅ ਨਹੀਂ ਹੈ, ਜਿਸ ਕਾਰਨ ਸ਼ਮੀ ‘ਤੇ ਕਾਫੀ ਬੋਝ ਪਵੇਗਾ। ਸ਼ਮੀ ਨੇ ਰਣਜੀ ਟਰਾਫੀ ਵਿੱਚ ਬੰਗਾਲ ਲਈ ਵਾਪਸੀ ਕੀਤੀ ਅਤੇ ਸੱਤ ਵਿਕਟਾਂ ਲੈ ਕੇ ਉਨ੍ਹਾਂ ਨੂੰ ਸੀਜ਼ਨ ਦੀ ਪਹਿਲੀ ਜਿੱਤ ਦਿਵਾਈ। ਇਸ ਤੋਂ ਬਾਅਦ ੳਨ੍ਹਾਂ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ 11 ਵਿਕਟਾਂ ਅਤੇ ਵਿਜੇ ਹਜ਼ਾਰੇ ਟਰਾਫੀ ਵਿੱਚ ਪੰਜ ਵਿਕਟਾਂ ਲਈਆਂ।

ਸ਼ਮੀ ਨੇ 2014 ‘ਚ ਡੈਬਿਊ ਕਰਨ ਤੋਂ ਬਾਅਦ ਆਪਣੇ ਟੀ-20 ਕਰੀਅਰ ‘ਚ ਸਿਰਫ 23 ਮੈਚ ਖੇਡੇ ਹਨ। ਉਨ੍ਹਾਂ ਨੇ ਆਖਰੀ ਵਾਰ 2022 ਟੀ-20 ਵਿਸ਼ਵ ਕੱਪ ਸੈਮੀਫਾਈਨਲ ਇੰਗਲੈਂਡ ਖ਼ਿਲਾਫ਼ ਖੇਡਿਆ ਸੀ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਆਸਟ੍ਰੇਲੀਆ ਦੌਰੇ ‘ਤੇ ਮਿਲੀ ਹਾਰ ਨੂੰ ਅਜੇ ਵੀ ਭੁੱਲ ਨਹੀਂ ਸਕੀ ਹੈ, ਜਿਸ ਤੋਂ ਬਾਅਦ ਬੀ.ਸੀ.ਸੀ.ਆਈ ਨੇ ਟੀਮ ‘ਚ ਅਨੁਸ਼ਾਸਨ ਬਹਾਲ ਕਰਨ ਲਈ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਆਲਰਾਊਂਡਰ ਅਕਸ਼ਰ ਪਟੇਲ ਨੂੰ ਭਾਰਤੀ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ, ਜਿਸ ਨੇ ਪਿਛਲੇ ਸਾਲ ਵੈਸਟਇੰਡੀਜ਼ ‘ਚ ਟੀ-20 ਵਿਸ਼ਵ ਕੱਪ ‘ਚ ਖਿਤਾਬੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ ਸੀ।

ਅਕਸ਼ਰ ਨੇ ਦੱਖਣੀ ਅਫਰੀਕਾ ਖ਼ਿਲਾਫ਼ ਫਾਈਨਲ ਵਿੱਚ 31 ਗੇਂਦਾਂ ਵਿੱਚ 47 ਦੌੜਾਂ ਬਣਾਈਆਂ ਅਤੇ ਅੱਠ ਮੈਚਾਂ ਵਿੱਚ ਨੌਂ ਵਿਕਟਾਂ ਵੀ ਲਈਆਂ। ਭਾਰਤ ਦੀ ਚੈਂਪੀਅਨਸ ਟਰਾਫੀ ਟੀਮ ‘ਚ ਜਗ੍ਹਾ ਬਣਾਉਣ ‘ਚ ਨਾਕਾਮ ਰਹੇ ਵਿਕਟਕੀਪਰ ਸੰਜੂ ਸੈਮਸਨ ‘ਤੇ ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ ਹੋਵੇਗਾ। ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਖ਼ਿਲਾਫ਼ ਰਣਜੀ ਮੈਚ ‘ਚ ਕੇਰਲ ਦੀ ਟੀਮ ‘ਚ ਜਗ੍ਹਾ ਨਹੀਂ ਮਿਲੀ ਸੀ। ਸੈਮਸਨ, ਜਿਸ ਨੇ ਹਾਲ ਹੀ ਵਿੱਚ ਦੱਖਣੀ ਅਫਰੀਕਾ ਦੇ ਖ਼ਿਲਾਫ਼ ਲਗਾਤਾਰ ਦੋ ਟੀ-20 ਸੈਂਕੜੇ ਲਗਾਏ ਹਨ, ਨੇ ਕਈ ਵਾਰ ਆਪਣੇ ਆਪ ਨੂੰ ਸਾਬਤ ਕੀਤਾ ਹੈ।

ਆਸਟ੍ਰੇਲੀਆ ਦੇ ਖ਼ਿਲਾਫ਼ ਦਸੰਬਰ ‘ਚ ਮੈਲਬੋਰਨ ‘ਚ ਬਾਕਸਿੰਗ ਡੇ ਟੈਸਟ ‘ਚ ਸੈਂਕੜਾ ਲਗਾਉਣ ਵਾਲੇ ਨਿਤੀਸ਼ ਰੈੱਡੀ ਨੂੰ ਵੀ ਟੀਮ ‘ਚ ਜਗ੍ਹਾ ਮਿਲੀ ਹੈ। ਉਹ ਹਾਰਦਿਕ ਪੰਡਯਾ ਦੇ ਨਾਲ ਤੇਜ਼ ਗੇਂਦਬਾਜ਼ੀ ਲਈ ਇੱਕ ਹੋਰ ਵਿਕਲਪ ਪ੍ਰਦਾਨ ਕਰ ਸਕਦਾ ਹੈ। ਮੁੱਖ ਕੋਚ ਬ੍ਰੈਂਡਨ ਮੈਕੁਲਮ ਦੇ ਨਾਲ ਜੋਸ ਬਟਲਰ ਦੀ ਕਪਤਾਨੀ ਵਾਲੀ ਇੰਗਲੈਂਡ ਟੀਮ ਲਈ ਇਹ ਨਵੇਂ ਸੈਸ਼ਨ ਦੀ ਸ਼ੁਰੂਆਤ ਹੈ। ਟੀ-20 ਵਿਸ਼ਵ ਕੱਪ ਤੋਂ ਇੰਗਲੈਂਡ ਦੇ ਬਾਹਰ ਹੋਣ ਤੋਂ ਬਾਅਦ ਮੈਥਿਊ ਮੋਟ ਦੇ ਅਸਤੀਫ਼ੇ ਤੋਂ ਬਾਅਦ ਮੈਕੁਲਮ ਨੇ ਤਿੰਨ ਸਾਲ ਦੇ ਸਮਝੌਤੇ ‘ਤੇ ਦਸਤਖਤ ਕੀਤੇ। ਟੈਸਟ ਕ੍ਰਿਕਟ ਨੂੰ ਹਮਲਾਵਰ ਖੇਡ (ਬੇਸਬਾਲ) ਦੀ ਨਵੀਂ ਪਰਿਭਾਸ਼ਾ ਦੇਣ ਵਾਲੇ ਮੈਕੁਲਮ ਇਸ ਨੂੰ ਸੀਮਤ ਓਵਰਾਂ ਦੇ ਫਾਰਮੈਟ ਵਿੱਚ ਵੀ ਦੁਹਰਾਉਣਾ ਚਾਹੁਣਗੇ।

ਆਈ.ਪੀ.ਐਲ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡ ਚੁੱਕੇ ਮੈਕੁਲਮ ਲਈ ਈਡਨ ਗਾਰਡਨ ਨਵਾਂ ਨਹੀਂ ਹੈ। ਇੰਗਲੈਂਡ ਨੂੰ ਰੀਸ ਟੋਪਲੇ, ਸੈਮ ਕੁਰਾਨ ਅਤੇ ਵਿਲ ਜੈਕਸ ਦੀ ਕਮੀ ਮਹਿਸੂਸ ਹੋਵੇਗੀ ਪਰ 21 ਸਾਲਾ ਜੈਕਬ ਬੈਥਲ ਆਪਣੀ ਯੋਗਤਾ ਸਾਬਤ ਕਰਨ ਲਈ ਉਤਸੁਕ ਹੋਵੇਗਾ। ਉਨ੍ਹਾਂ ਨੇ ਹੁਣ ਤੱਕ ਸੱਤ ਟੀ-20 ਮੈਚਾਂ ਵਿੱਚ 167 ਤੋਂ ਉੱਪਰ ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ। ਸ਼ਮੀ ਵਾਂਗ ਇੰਗਲੈਂਡ ਦਾ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਵੀ ਸੱਟ ਤੋਂ ਉਭਰ ਕੇ ਵਾਪਸੀ ਕਰ ਰਿਹਾ ਹੈ। ਹਾਲਾਂਕਿ ਭਾਰਤ ‘ਚ ਸ਼ਾਮ ਦੀ ਤ੍ਰੇਲ ਕਾਰਨ ਤੇਜ਼ ਗੇਂਦਬਾਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਬਾਅਦ ਦੂਜਾ ਟੀ-20 25 ਜਨਵਰੀ ਨੂੰ ਚੇਨਈ, 28 ਜਨਵਰੀ ਨੂੰ ਰਾਜਕੋਟ, 31 ਜਨਵਰੀ ਨੂੰ ਪੁਣੇ ਅਤੇ 2 ਫਰਵਰੀ ਨੂੰ ਮੁੰਬਈ ਵਿੱਚ ਖੇਡਿਆ ਜਾਵੇਗਾ।

ਟੀਮਾਂ:

ਭਾਰਤ: ਸੂਰਿਆਕੁਮਾਰ ਯਾਦਵ (ਕਪਤਾਨ), ਅਕਸ਼ਰ ਪਟੇਲ, ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ, ਤਿਲਕ ਵਰਮਾ, ਹਾਰਦਿਕ ਪੰਡਯਾ, ਰਿੰਕੂ ਸਿੰਘ, ਨਿਤੀਸ਼ ਕੁਮਾਰ ਰੈਡੀ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਮੁਹੰਮਦ ਸ਼ਮੀ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ, ਵਾਸ਼ਿੰਗਟਨ ਸੁੰਦਰ, ਧਰੁਵ ਜੁਰੇਲ।

ਇੰਗਲੈਂਡ: ਜੋਸ ਬਟਲਰ (ਕਪਤਾਨ), ਹੈਰੀ ਬਰੂਕ, ਫਿਲ ਸਾਲਟ, ਜੈਕਬ ਬੈਥਲ, ਲਿਆਮ ਲਿਿਵੰਗਸਟੋਨ, ਰੇਹਾਨ ਅਹਿਮਦ, ਜੋਫਰਾ ਆਰਚਰ, ਗੁਸ ਐਟਕਿੰਸਨ, ਬ੍ਰਾਈਡਨ ਕਾਰਸੇ, ਬੇਨ ਡਕੇਟ, ਜੇਮੀ ਓਵਰਟਨ, ਜੈਮੀ ਸਮਿਥ, ਆਦਿਲ ਰਾਸ਼ਿਦ, ਸਾਕਿਬ ਮਹਿਮੂਦ, ਮਾਰਕ ਵੁੱਡ।

ਮੈਚ ਦਾ ਸਮਾਂ: ਸ਼ਾਮ 7 ਵਜੇ

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments