ਨਵੀਂ ਦਿੱਲੀ : ਐਥਲੀਟ ਨੀਰਜ ਚੋਪੜਾ ਨੇ ਹਾਲ ਹੀ ‘ਚ ਹਿਮਾਨੀ ਨਾਲ ਵਿਆਹ ਕੀਤਾ ਹੈ। ਓਲੰਪਿਕ ਮੈਡਲ ਜੇਤੂ ਨੀਰਜ ਚੋਪੜਾ ਨੇ 16 ਜਨਵਰੀ ਨੂੰ ਸੋਨੀਪਤ ਦੀ ਹਿਮਾਨੀ ਨਾਲ ਵਿਆਹ ਕੀਤਾ। ਦੋਵੇਂ ਵਿਆਹ ਤੋਂ ਤੁਰੰਤ ਬਾਅਦ ਅਮਰੀਕਾ ਚਲੇ ਗਏ। ਉਨ੍ਹਾਂ ਦੇ ਮਈ ਵਿਚ ਭਾਰਤ ਪਰਤਣ ਦੀ ਸੰਭਾਵਨਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵਾਪਸੀ ਤੋਂ ਬਾਅਦ ਹੀ ਦਾਵਤ ਦਾ ਆਯੋਜਨ ਕੀਤਾ ਜਾਵੇਗਾ।
ਵਿਆਹ ਸਮਾਗਮ ਦੌਰਾਨ ਨੀਰਜ ਨੇ ਕੁੜਮਾਈ, ਵਿਆਹ ਅਤੇ ਵਿਦਾਈ ਸਮੇਂ ਸਿਰਫ਼ ਇੱਕ ਰੁਪਿਆ ਲਿਆ। ਦੋਵਾਂ ਪਰਿਵਾਰਾਂ ਨੇ ਬਿਨਾਂ ਦਾਜ ਦੇ ਵਿਆਹ ਕਰਨ ਦਾ ਫੈਸਲਾ ਲਿਆ। ਨੀਰਜ ਚੋਪੜਾ ਦੇ ਚਾਚਾ ਭੀਮ ਚੋਪੜਾ ਨੇ ਦੱਸਿਆ ਕਿ ਨੀਰਜ ਅਤੇ ਹਿਮਾਨੀ ਦਾ ਵਿਆਹ ਦੋਹਾਂ ਪਰਿਵਾਰਾਂ ਦੀ ਖੁਸ਼ੀ ਅਤੇ ਸਹਿਮਤੀ ਨਾਲ ਹੋਇਆ। ਹਿਮਾਨੀ ਦੀ ਮਾਂ ਨੇ ਦੱਸਿਆ ਕਿ ਦੋਵੇਂ ਪਰਿਵਾਰ ਇੱਕ ਦੂਜੇ ਨੂੰ 7-8 ਸਾਲਾਂ ਤੋਂ ਜਾਣਦੇ ਹਨ। ਨੀਰਜ ਅਤੇ ਹਿਮਾਨੀ ਦੀ ਸਹਿਮਤੀ ਤੋਂ ਬਾਅਦ ਵਿਆਹ ਤੈਅ ਹੋਇਆ ਸੀ।
ਨੀਰਜ ਅਤੇ ਹਿਮਾਨੀ ਅਮਰੀਕਾ ਵਿੱਚ ਆਪਣੀ ਖੇਡ ਸਿਖਲਾਈ ਜਾਰੀ ਰੱਖਣਗੇ। ਪਰਿਵਾਰ ਨੇ ਉਨ੍ਹਾਂ ਦੇ ਸਵਾਗਤ ਲਈ ਯੋਜਨਾਵਾਂ ਬਣਾਈਆਂ ਹਨ। ਵੀਆਈਪੀ ਅਤੇ ਸਥਾਨਕ ਪੱਧਰ ‘ਤੇ ਵੱਖ-ਵੱਖ ਸਵਾਗਤੀ ਪ੍ਰੋਗਰਾਮ ਹੋਣਗੇ। ਇਸਤੋਂ ਪਹਿਲਾ ਵਿਆਹ ਦੇ ਸਮੇਂ ਸਾਰੀਆਂ ਰਸਮਾਂ ਹਰਿਆਣਵੀ ਰੀਤੀ ਰਿਵਾਜਾਂ ਅਨੁਸਾਰ ਕੀਤੀਆਂ ਗਈਆਂ। ਹਿਮਾਨੀ ਦੇ ਪਿਤਾ ਚੰਦਰਾਮ ਮੋੜ ਨੇ ਦੱਸਿਆ ਕਿ ਵਿਆਹ ਦੀ ਗੱਲ ਕਾਫੀ ਸਮੇਂ ਤੋਂ ਚੱਲ ਰਹੀ ਸੀ। ਨੀਰਜ ਅਤੇ ਹਿਮਾਨੀ ਦੋਵੇਂ ਖਿਡਾਰੀ ਹਨ ਅਤੇ ਇੱਕ ਦੂਜੇ ਨੂੰ ਅੱਠ ਸਾਲਾਂ ਤੋਂ ਜਾਣਦੇ ਹਨ। ਵਿਆਹ ਨੂੰ ਕੁਝ ਸਮਾਂ ਲੱਗਾ ਕਿਉਂਕਿ ਨੀਰਜ ਪੈਰਿਸ ਓਲੰਪਿਕ ਦੀਆਂ ਤਿਆਰੀਆਂ ‘ਚ ਰੁੱਝਿਆ ਹੋਇਆ ਸੀ।