ਕੇਰਲ : ਕੇਰਲ ਦੇ ਪਲੱਕੜ ਵਿੱਚ ਜੁਡੀਸ਼ੀਅਲ ਫਸਟ ਕਲਾਸ ਮੈਜਿਸਟਰੇਟ II (The Judicial First Class Magistrate II) ਦੁਆਰਾ ਬਾਬਾ ਰਾਮਦੇਵ, ਆਚਾਰੀਆ ਬਾਲਕ੍ਰਿਸ਼ਨ ਅਤੇ ਪਤੰਜਲੀ ਆਯੁਰਵੇਦ ਦੀ ਮਾਰਕੀਟਿੰਗ ਸ਼ਾਖਾ, ਦਿਵਿਆ ਫਾਰਮੇਸੀ ਦੇ ਖ਼ਿਲਾਫ਼ ਇੱਕ ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਇਹ ਵਾਰੰਟ 16 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਜਾਰੀ ਕੀਤਾ ਗਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਇਹ ਮਾਮਲਾ ਅਕਤੂਬਰ 2024 ‘ਚ ਦਾਇਰ ਕੀਤਾ ਗਿਆ ਸੀ, ਜਿਸ ‘ਚ ਪਤੰਜਲੀ ‘ਤੇ ਆਪਣੇ ਸਿਹਤ ਸੰਬੰਧੀ ਉਤਪਾਦਾਂ ਨੂੰ ਲੈ ਕੇ ਗੈਰ-ਪ੍ਰਮਾਣਿਤ ਦਾਅਵੇ ਕਰਨ ਦਾ ਦੋਸ਼ ਹੈ। ਪਤੰਜਲੀ ਦੇ ਇਸ਼ਤਿਹਾਰਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਉਤਪਾਦ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪਾ ਅਤੇ ਕੋਵਿਡ -19 ਵਰਗੀਆਂ ਬਿਮਾਰੀਆਂ ਨੂੰ ਠੀਕ ਕਰ ਸਕਦੇ ਹਨ। ਇਹ ਦਾਅਵੇ ਡਰੱਗਜ਼ ਐਂਡ ਮੈਜਿਕ ਰੈਮੇਡੀਜ਼ (ਇਤਰਾਜ਼ਯੋਗ ਇਸ਼ਤਿਹਾਰ) ਐਕਟ 1954 ਦੀ ਉਲੰਘਣਾ ਕਰਦੇ ਹਨ।
ਅਦਾਲਤ ਨੇ ਸੰਮਨ ਜਾਰੀ ਕੀਤੇ ਸਨ ਪਰ ਮੁਲਜ਼ਮ 16 ਜਨਵਰੀ ਨੂੰ ਪੇਸ਼ੀ ਲਈ ਪੇਸ਼ ਨਹੀਂ ਹੋਏ, ਜਿਸ ਕਾਰਨ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। ਹੁਣ ਇਸ ਮਾਮਲੇ ਦੀ ਸੁਣਵਾਈ 1 ਫਰਵਰੀ ਨੂੰ ਹੋਵੇਗੀ। ਇਹ ਪਹਿਲੀ ਵਾਰ ਨਹੀਂ ਹੈ ਕਿ ਬਾਬਾ ਰਾਮਦੇਵ ਅਤੇ ਉਨ੍ਹਾਂ ਦੀ ਟੀਮ ਨੂੰ ਅਜਿਹੇ ਮਾਮਲਿਆਂ ਦਾ ਸਾਹਮਣਾ ਕਰਨਾ ਪਿਆ ਹੋਵੇ। ਸੂਤਰਾਂ ਮੁਤਾਬਕ ਪਤੰਜਲੀ ਨੂੰ ਉੱਤਰਾਖੰਡ, ਕੋਝੀਕੋਡ, ਹਰਿਦੁਆਰ ਅਤੇ ਹੋਰ ਥਾਵਾਂ ‘ਤੇ ਵੀ ਇਸ ਤਰ੍ਹਾਂ ਦੇ ਮਾਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ। ਇਕੱਲੇ ਕੇਰਲ ‘ਚ ਪਤੰਜਲੀ ਦੇ ਖ਼ਿਲਾਫ਼ ਘੱਟੋ-ਘੱਟ 10 ਮਾਮਲੇ ਪੈਂਡਿੰਗ ਹਨ। ਇਨ੍ਹਾਂ ਵਿੱਚੋਂ ਚਾਰ ਕੇਸ ਕੋਜ਼ੀਕੋਡ, ਤਿੰਨ ਪਲੱਕੜ, ਦੋ ਏਰਨਾਕੁਲਮ ਅਤੇ ਇੱਕ ਤਿਰੂਵਨੰਤਪੁਰਮ ਨਾਲ ਸਬੰਧਤ ਹਨ।