ਪ੍ਰਯਾਗਰਾਜ : IITian ਬਾਬਾ ਅਭੈ ਸਿੰਘ ਮਹਾਕੁੰਭ ਵਿਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਕਰੋੜਾਂ ਸ਼ਰਧਾਲੂ ਤ੍ਰਿਵੇਣੀ ਸੰਗਮ ਵਿੱਚ ਇਸ਼ਨਾਨ ਕਰ ਰਹੇ ਹਨ। ਪ੍ਰਯਾਗਰਾਜ ਮਹਾਕੁੰਭ ‘ਚ ਸੰਤਾਂ ਦੀ ਵੱਡੀ ਭੀੜ ਵੀ ਪਹੁੰਚ ਚੁੱਕੀ ਹੈ। ਅਜਿਹੇ ‘ਚ ਹਾਲ ਹੀ ‘ਚ ਐਰੋਸਪੇਸ ਇੰਜੀਨੀਅਰ ਤੋਂ ਸੰਨਿਆਸੀ ਬਣੇ ਅਭੈ ਸਿੰਘ ਉਰਫ IITian ਬਾਬਾ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਹਾਲਾਂਕਿ ਹੁਣ ਉਸ ਨਾਲ ਜੁੜੀ ਇਕ ਹੈਰਾਨੀਜਨਕ ਖਬਰ ਸਾਹਮਣੇ ਆ ਰਹੀ ਹੈ।
ਜਾਣਕਾਰੀ ਅਨੁਸਾਰ ਆਈ.ਆਈ.ਟੀ ਬਾਬਾ ਅਭੈ ਸਿੰਘ ਨੂੰ ਜੂਨਾ ਅਖਾੜਾ ਕੈਂਪ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਰਿਪੋਰਟਾਂ ਅਨੁਸਾਰ ਅਭੈ ਸਿੰਘ ਉਰਫ ਆਈਆਈਟੀਅਨ ਬਾਬਾ ਨੂੰ ਆਪਣੇ ਗੁਰੂ ਮਹੰਤ ਸੋਮੇਸ਼ਵਰ ਪੁਰੀ ਵਿਰੁੱਧ ਕਥਿਤ ਤੌਰ ‘ਤੇ ਅਪਮਾਨਜਨਕ ਭਾਸ਼ਾ ਵਰਤਣ ਦੇ ਦੋਸ਼ ਵਿੱਚ ਜੂਨਾ ਅਖਾੜਾ ਕੈਂਪ ਤੋਂ ਕੱਢ ਦਿੱਤਾ ਗਿਆ ਹੈ। ਸ਼ਨੀਵਾਰ ਦੇਰ ਰਾਤ ਉਸ ਖਿਲਾਫ ਇਹ ਕਾਰਵਾਈ ਕੀਤੀ ਗਈ। ਜੂਨਾ ਅਖਾੜਾ ਨੇ ਵੀ ਇਸ ਮਾਮਲੇ ‘ਚ ਬਿਆਨ ਦਿੱਤਾ ਹੈ।
ਅਖਾੜੇ ਨੇ ਕਿਹਾ ਕਿ ਅਨੁਸ਼ਾਸਨ ਅਤੇ ਗੁਰੂ ਪ੍ਰਤੀ ਸ਼ਰਧਾ ਸਰਵਉੱਚ ਹੈ ਅਤੇ ਜੋ ਵਿਅਕਤੀ ਇਸ ਸਿਧਾਂਤ ਦੀ ਪਾਲਣਾ ਨਹੀਂ ਕਰ ਸਕਦਾ ਉਹ ਸੰਨਿਆਸੀ ਨਹੀਂ ਬਣ ਸਕਦਾ। ਜਾਣਕਾਰੀ ਅਨੁਸਾਰ ਜੂਨਾ ਅਖਾੜਾ ਡੇਰੇ ‘ਚੋਂ ਕੱਢੇ ਜਾਣ ਤੋਂ ਬਾਅਦ ਬਾਬਾ ਅਭੈ ਸਿੰਘ ਨੇ ਇਕ ਹੋਰ ਸੰਤ ਦੇ ਡੇਰੇ ‘ਚ ਸ਼ਰਨ ਲਈ ਹੈ। ਦੱਸ ਦੇਈਏ ਕਿ ਅਭੈ ਸਿੰਘ ਹਰਿਆਣਾ ਦਾ ਰਹਿਣ ਵਾਲਾ ਹੈ। ਉਸਨੇ ਆਈਆਈਟੀ ਬੰਬੇ ਤੋਂ ਏਰੋਸਪੇਸ ਵਿੱਚ ਬੀ.ਟੈਕ ਕੀਤਾ ਹੈ।