ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਮੇਸ਼ਾ ਹੀ ਚਰਚਾ ਦਾ ਕੇਂਦਰ ਬਣੇ ਰਹਿੰਦੇ ਹਨ। ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਹੁੰ ਚੁੱਕ ਸਮਾਗਮ ਕੜਾਕੇ ਦੀ ਠੰਡ ਕਾਰਨ 20 ਜਨਵਰੀ ਸੋਮਵਾਰ ਨੂੰ ਅਮਰੀਕਾ ਦੇ ਕੈਪੀਟਲ ਹਿੱਲ (ਸੰਸਦ) ਦੇ ਅੰਦਰ ਹੋਵੇਗਾ।
ਰਾਇਟਰਜ਼ ਮੁਤਾਬਕ 40 ਸਾਲਾਂ ‘ਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਅਮਰੀਕੀ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ ਸੰਸਦ ਦੇ ਅੰਦਰ ਹੋਵੇਗਾ। ਟਰੰਪ ਦੇ ਸਹੁੰ ਚੁੱਕ ਸਮਾਗਮ ਦੌਰਾਨ ਤਾਪਮਾਨ -7 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਆਪਣੇ ਸੋਸ਼ਲ ਪਲੇਟਫਾਰਮ ਟਰੂਥ ‘ਤੇ ਕਿਹਾ, ‘ਦੇਸ਼ ‘ਚ ਆਰਕਟਿਕ (ਉੱਤਰੀ ਧਰੁਵ ਨੇੜੇ) ਬਰਫ਼ ਦਾ ਤੂਫ਼ਾਨ ਚੱਲ ਰਿਹਾ ਹੈ। ਟਰੰਪ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਲੋਕ ਕਿਸੇ ਵੀ ਤਰ੍ਹਾਂ ਜ਼ਖਮੀ ਹੋਣ। ਇਸ ਲਈ, ਪ੍ਰਾਰਥਨਾ ਅਤੇ ਹੋਰ ਭਾਸ਼ਣਾਂ ਤੋਂ ਇਲਾਵਾ, ਮੈਂ ਆਦੇਸ਼ ਦਿੱਤਾ ਹੈ ਕਿ ਉਦਘਾਟਨੀ ਭਾਸ਼ਣ ਵੀ ਕੈਪੀਟਲ ਰੋਟੁੰਡਾ (ਕੈਪੀਟਲ ਹਿੱਲ ਇਮਾਰਤ ਦੇ ਅੰਦਰ ਗੋਲਾਕਾਰ ਕਮਰੇ) ਵਿੱਚ ਦਿੱਤਾ ਜਾਵੇ।
ਇਸ ਤੋਂ ਪਹਿਲਾਂ 1985 ਵਿੱਚ ਰੋਨਾਲਡ ਰੀਗਨ ਦਾ ਦੂਜਾ ਸਹੁੰ ਚੁੱਕ ਸਮਾਗਮ ਵੀ ਕੈਪੀਟਲ ਰੋਟੁੰਡਾ ਵਿੱਚ ਹੋਇਆ ਸੀ। ਉਸ ਸਮੇਂ ਤਾਪਮਾਨ ਮਾਈਨਸ 23 ਤੋਂ 29 ਡਿਗਰੀ ਸੈਲਸੀਅਸ ਦੇ ਵਿਚਕਾਰ ਸੀ। ਕੈਪੀਟਲ ਰੋਟੁੰਡਾ ਕੈਪੀਟਲ ਹਿੱਲ ਇਮਾਰਤ ਵਿੱਚ ਗੁੰਬਦ ਦੇ ਹੇਠਾਂ ਹੈ। ਇਹ ਅਮਰੀਕੀ ਸੰਸਦ ਦੇ ਦੋਵਾਂ ਸਦਨਾਂ ਵੱਲ ਜਾਣ ਵਾਲੇ ਗਲਿਆਰਿਆਂ ਨਾਲ ਜੁੜਿਆ ਹੋਇਆ ਹੈ। ਅਮਰੀਕਾ ਦੇ ਕਈ ਸੂਬੇ ਇਸ ਸਮੇਂ ਤੇਜ਼ ਠੰਡੀਆਂ ਹਵਾਵਾਂ ਨਾਲ ਜੂਝ ਰਹੇ ਹਨ। ਇਸ ਦਾ ਮੁੱਖ ਕਾਰਨ ਧਰੁਵੀ ਵਰਟੇਕਸ ਮੰਨਿਆ ਜਾਂਦਾ ਹੈ।