ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ (The Delhi Assembly Elections) ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਾਰੀਆਂ ਸਿਆਸੀ ਪਾਰਟੀਆਂ ਚੋਣ ਪ੍ਰਚਾਰ ‘ਚ ਰੁੱਝੀਆਂ ਹੋਈਆਂ ਹਨ। ਇਸ ਦੇ ਨਾਲ ਹੀ ਇਲਜ਼ਾਮ ਅਤੇ ਜਵਾਬੀ ਦੋਸ਼ ਦੀ ਖੇਡ ਵੀ ਸ਼ੁਰੂ ਹੋ ਗਈ ਹੈ। ਬੀਤੇ ਦਿਨ ਬਸਪਾ ਮੁਖੀ ਮਾਇਆਵਤੀ ਨੇ ਵੀ ਆਪਣੇ 19 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ।
ਦਿੱਲੀ ਵਿੱਚ ਚੋਣ ਮੁਕਾਬਲਾ ਵਧਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਸੀ.ਐਮ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਦਿੱਲੀ ਵਿੱਚ ‘ਆਪ’ ਦੀ ਸਰਕਾਰ ਬਣੀ ਤਾਂ ਕਿਰਾਏਦਾਰਾਂ ਨੂੰ ਮੁਫ਼ਤ ਬਿਜਲੀ ਅਤੇ ਪਾਣੀ ਦਿੱਤਾ ਜਾਵੇਗਾ। ਉਨ੍ਹਾਂ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਇਹ ਗੱਲ ਕਹੀ।
ਫਿਲਮ ਦੀ ਸਕ੍ਰੀਨਿੰਗ ਰੋਕਣ ‘ਤੇ ਉੱਠੇ ਸਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੁਲਿਸ ਵੱਲੋਂ ਆਪਣੀ ਪਾਰਟੀ ‘ਆਪ’ ਦੀ ਫਿਲਮ ਦੀ ਸਕ੍ਰੀਨਿੰਗ ਰੋਕਣ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ, “ਆਪ ਦੀ ਫਿਲਮ ਬਣੀ ਹੈ, ਜੋ ਅੱਜ ਦੇਖਣੀ ਸੀ, ਪਰ ਪੁਲਿਸ ਨੇ ਇਸ ਦੀ ਸਕਰੀਨਿੰਗ ਬੰਦ ਕਰ ਦਿੱਤੀ। ਇਹ ਇੱਕ ਨਿੱਜੀ ਫਿਲਮ ਸੀ, ਜਿਸ ਵਿੱਚ ਨਾ ਤਾਂ ਕੋਈ ਪਾਰਟੀ ਝੰਡਾ ਸੀ ਅਤੇ ਨਾ ਹੀ ਕੋਈ ਪ੍ਰਚਾਰ। ਫਿਰ ਵੀ ਰੋਕਿਆ ਗਿਆ। ਇਹ ਗੁੰਡਾਗਰਦੀ ਹੈ।”
PM ਮੋਦੀ ‘ਤੇ ਬਣੀ ਫਿਲਮ ‘ਤੇ ਬੋਲੇ ਕੇਜਰੀਵਾਲ
ਕੇਜਰੀਵਾਲ ਨੇ ਅੱਗੇ ਕਿਹਾ ਕਿ PM ਮੋਦੀ ‘ਤੇ ਵਿਵੇਕ ਅਗਨੀਹੋਤਰੀ ਦੁਆਰਾ ਬਣਾਈ ਗਈ ਫਿਲਮ ਨੂੰ ਦੇਸ਼ ਭਰ ‘ਚ ਦਿਖਾਇਆ ਗਿਆ। ਉਨ੍ਹਾਂ ਨੇ ਸਵਾਲ ਉਠਾਇਆ, ‘ਕੀ ਉਸ ਫਿਲਮ ਲਈ ਕੋਈ ਇਜਾਜ਼ਤ ਲਈ ਗਈ ਸੀ?’ ਉਨ੍ਹਾਂ ਅਨੁਸਾਰ ਸੱਤਾਧਾਰੀ ਧਿਰ ਦਾ ਇਹ ਦੋਗਲਾ ਰਵੱਈਆ ਹੈ, ਜਿੱਥੇ ਇੱਕ ਫ਼ਿਲਮ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਦਿਖਾਈ ਜਾਂਦੀ ਹੈ, ਜਦਕਿ ਦੂਜੀ ਫ਼ਿਲਮ ਨੂੰ ਰੋਕ ਦਿੱਤਾ ਜਾਂਦਾ ਹੈ। ਅਰਵਿੰਦ ਕੇਜਰੀਵਾਲ ਦੀ ਨਾਮਜ਼ਦਗੀ ‘ਤੇ ਭਾਜਪਾ ਨੇਤਾ ਪਰਵੇਸ਼ ਵਰਮਾ ਵੱਲੋਂ ਉਠਾਏ ਗਏ ਸਵਾਲਾਂ ਦਾ ਵੀ ਕੇਜਰੀਵਾਲ ਨੇ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ, ‘ਮੈਨੂੰ ਲਗਦਾ ਹੈ ਕਿ ਸਭ ਕੁਝ ਠੀਕ ਸੀ। ਭਾਜਪਾ ਇਹ ਸਭ ਕਰਦੀ ਰਹਿੰਦੀ ਹੈ।’