ਕੋਲਕਾਤਾ : ਕੋਲਕਾਤਾ ਦੇ ਆਰਜੀ ਕਾਰ ਹਸਪਤਾਲ ਵਿਚ ਹੋਏ ਰੇਪ-ਕਤਲ ਮਾਮਲੇ ਨੇ ਪੂਰੀ ਮਾਨਵਤਾ ਨੂੰ ਸ਼ਰਮਸ਼ਾਰ ਕੀਤਾ ਸੀ। ਕੋਲਕਾਤਾ ਦੇ ਆਰਜੀ ਕਾਰ ਹਸਪਤਾਲ ਵਿੱਚ ਇੱਕ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਸੀਲਦਾਹ ਕੋਰਟ ਨੇ ਮੁੱਖ ਦੋਸ਼ੀ ਸੰਜੇ ਰਾਏ ਨੂੰ ਦੋਸ਼ੀ ਕਰਾਰ ਦਿੱਤਾ ਹੈ। ਜਸਟਿਸ ਅਨਿਰਬਾਨ ਦਾਸ ਨੇ ਦੁਪਹਿਰ 2.30 ਵਜੇ ਫੈਸਲਾ ਸੁਣਾਇਆ ਅਤੇ ਕਿਹਾ ਕਿ ਸਜ਼ਾ ਦਾ ਐਲਾਨ ਸੋਮਵਾਰ (20 ਜਨਵਰੀ) ਨੂੰ ਕੀਤਾ ਜਾਵੇਗਾ।
ਅਦਾਲਤ ਨੇ 162 ਦਿਨਾਂ ਬਾਅਦ ਆਪਣਾ ਫੈਸਲਾ ਸੁਣਾਇਆ ਹੈ। ਬਲਾਤਕਾਰ-ਕਤਲ ਦੀ ਘਟਨਾ 9 ਅਗਸਤ 2024 ਨੂੰ ਹੋਈ ਸੀ ਅਤੇ ਫੈਸਲਾ 18 ਜਨਵਰੀ 2025 ਨੂੰ ਆਇਆ ਹੈ। ਸੀਬੀਆਈ ਨੇ ਦੋਸ਼ੀ ਸੰਜੇ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਆਰਜੀ ਕਾਰ ਹਸਪਤਾਲ ਵਿੱਚ 8-9 ਅਗਸਤ ਦੀ ਰਾਤ ਨੂੰ ਇੱਕ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਕਰ ਦਿੱਤਾ ਗਿਆ ਸੀ। ਡਾਕਟਰ ਦੀ ਲਾਸ਼ 9 ਅਗਸਤ ਦੀ ਸਵੇਰ ਨੂੰ ਸੈਮੀਨਾਰ ਹਾਲ ਵਿੱਚ ਮਿਲੀ ਸੀ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਪੁਲੀਸ ਨੇ 10 ਅਗਸਤ ਨੂੰ ਸੰਜੇ ਰਾਏ ਨਾਂ ਦੇ ਸਿਵਿਕ ਵਲੰਟੀਅਰ ਨੂੰ ਗ੍ਰਿਫ਼ਤਾਰ ਕੀਤਾ ਸੀ।
ਸੀਬੀਆਈ ਨੇ 10 ਦਸੰਬਰ 2024 ਨੂੰ ਸੁਪਰੀਮ ਕੋਰਟ ਵਿੱਚ ਸਟੇਟਸ ਰਿਪੋਰਟ ਦਿੱਤੀ ਸੀ। ਜਿਸ ਵਿੱਚ ਦੱਸਿਆ ਗਿਆ ਕਿ ਸਿਆਲਦਾਹ ਟ੍ਰਾਇਲ ਕੋਰਟ ਵਿੱਚ ਬਕਾਇਦਾ ਸੁਣਵਾਈ ਹੋਈ ਅਤੇ 81 ਵਿੱਚੋਂ 43 ਗਵਾਹਾਂ ਤੋਂ ਪੁੱਛਗਿੱਛ ਕੀਤੀ ਗਈ। ਇੱਥੇ ਸ਼ਨੀਵਾਰ ਨੂੰ ਫੈਸਲੇ ਤੋਂ ਪਹਿਲਾਂ ਪੀੜਤਾ ਦੇ ਪਿਤਾ ਨੇ ਕਿਹਾ ਕਿ ਦੋਸ਼ੀਆਂ ਦੀ ਸਜ਼ਾ ਦਾ ਫੈਸਲਾ ਅਦਾਲਤ ਕਰੇਗੀ, ਪਰ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਅਦਾਲਤ ਦਾ ਦਰਵਾਜ਼ਾ ਖੜਕਾਉਂਦੇ ਰਹਾਂਗੇ।