ਨਵੀਂ ਦਿੱਲੀ : ਬੰਗਲਾਦੇਸ਼ ਵਿਚ ਤਖਤਾਂ ਪਲਟਨ ਤੋਂ ਬਾਅਦ ਸ਼ੇਖ ਹਸੀਨਾ ਨੂੰ ਦੇਸ਼ ਛਡਣਾ ਪਿਆ ਸੀ। ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਸਿਆਸੀ ਵਿਰੋਧੀਆਂ ‘ਤੇ ਉਸ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਹਸੀਨਾ ਦੀ ਪਾਰਟੀ ਅਵਾਮੀ ਲੀਗ ਨੇ ਉਸ ਦੀ ਆਡੀਓ ਕਲਿੱਪ ਜਾਰੀ ਕੀਤੀ ਹੈ।
ਇਸ ਵਿੱਚ ਹਸੀਨਾ ਨੇ ਦੱਸਿਆ ਕਿ ਕਿਵੇਂ ਉਹ ਅਤੇ ਉਸਦੀ ਭੈਣ ਪਿਛਲੇ ਸਾਲ ਅਗਸਤ ਵਿੱਚ ਆਪਣੀ ਜਾਨ ਬਚਾਉਣ ਲਈ ਦੇਸ਼ ਛੱਡ ਕੇ ਭੱਜ ਗਏ ਸਨ। ਉਸ ਨੇ ਦਾਅਵਾ ਕੀਤਾ ਕਿ 5 ਅਗਸਤ ਨੂੰ ਮੌਤ ਉਸ ਤੋਂ ਮਹਿਜ਼ 20-25 ਮਿੰਟ ਦੂਰ ਸੀ। ਕਲਿੱਪ ਵਿੱਚ ਹਸੀਨਾ ਰੋਂਦੀ ਹੋਈ ਸੁਣਾਈ ਦਿੰਦੀ ਹੈ, ਹਸੀਨਾ ਨੇ ਕਿਹਾ ਕਿ ਮੈਂ ਦੁਖੀ ਹਾਂ, ਮੈਂ ਆਪਣੇ ਦੇਸ਼ ਅਤੇ ਆਪਣੇ ਘਰ ਤੋਂ ਦੂਰ ਹਾਂ, ਸਭ ਕੁਝ ਸੜ ਗਿਆ ਹੈ। ਮੇਰੇ ਵਿਰੋਧੀਆਂ ਨੇ ਮੈਨੂੰ ਮਾਰਨ ਦੀ ਸਾਜ਼ਿਸ਼ ਰਚੀ, ਪਰ ਮੈਂ ਬਚ ਗਈ, ਕਿਉਂਕਿ ਮੈਂ ਮੰਨਦੀ ਹਾਂ ਕਿ ਮੇਰੇ ਪਿੱਛੇ ਅੱਲ੍ਹਾ ਦਾ ਹੱਥ ਹੈ, ਜਿਸ ਨੇ ਮੈਨੂੰ ਬਚਾਇਆ।
ਬੰਗਲਾਦੇਸ਼ ‘ਚ ਤਖਤਾਪਲਟ ਤੋਂ ਬਾਅਦ ਬਣੀ ਯੂਨਸ ਸਰਕਾਰ ਨੇ ਹਸੀਨਾ ਖਿਲਾਫ ਕਤਲ, ਅਗਵਾ ਤੋਂ ਲੈ ਕੇ ਦੇਸ਼ਧ੍ਰੋਹ ਤੱਕ ਦੇ 225 ਤੋਂ ਵੱਧ ਮਾਮਲੇ ਦਰਜ ਕੀਤੇ ਹਨ। ਇਸ ਦੇ ਨਾਲ ਹੀ ਬੰਗਲਾਦੇਸ਼ ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਭਾਰਤ ‘ਚ ਹਸੀਨਾ ਵੱਲੋਂ ਦਿੱਤੇ ਗਏ ਬਿਆਨ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਵਿਗਾੜ ਰਹੇ ਹਨ। ਬੰਗਲਾਦੇਸ਼ ਸਰਕਾਰ ਨੇ ਜੁਲਾਈ ਵਿੱਚ ਹੋਈਆਂ ਹੱਤਿਆਵਾਂ ਕਾਰਨ ਸ਼ੇਖ ਹਸੀਨਾ ਦਾ ਪਾਸਪੋਰਟ ਵੀ ਰੱਦ ਕਰ ਦਿੱਤਾ ਹੈ। ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧਿਕ ਟ੍ਰਿਬਿਊਨਲ ਨੇ ਉਸ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਟ੍ਰਿਬਿਊਨਲ ਨੇ ਹਸੀਨਾ ਨੂੰ 12 ਫਰਵਰੀ ਤੱਕ ਆਪਣੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ।