ਦੌਸਾ : ਰਾਜਸਥਾਨ ਦੇ ਦੌਸਾ ਜ਼ਿਲ੍ਹੇ (Dausa District) ‘ਚ ਅੱਜ ਦੁਪਹਿਰ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ (Farooq Abdullah) ਦੇ ਕਾਫਲੇ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਦਿੱਲੀ-ਮੁੰਬਈ ਐਕਸਪ੍ਰੈਸਵੇਅ (The Delhi-Mumbai Expressway) ‘ਤੇ ਦੁਪਹਿਰ ਕਰੀਬ 1:45 ਵਜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਇਕ ਨੀਲਗਾਈ ਸੜਕ ‘ਤੇ ਆ ਗਈ, ਜਿਸ ਕਾਰਨ ਕਾਫਲੇ ਨੂੰ ਲੈ ਕੇ ਜਾ ਰਹੀ ਦਿੱਲੀ ਪੁਲਸ ਦੀ ਗੱਡੀ ਉਸ ਨਾਲ ਟਕਰਾ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਅਗਲੇ ਦੋਵੇਂ ਏਅਰਬੈਗ ਖੁੱਲ੍ਹ ਗਏ ਅਤੇ ਗੱਡੀ ਨੁਕਸਾਨੀ ਗਈ, ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ‘ਚ ਫਾਰੂਕ ਅਬਦੁੱਲਾ ਸਮੇਤ ਕਾਫਲੇ ‘ਚ ਮੌਜੂਦ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ। ਹਾਦਸੇ ਦੇ ਸਮੇਂ ਫਾਰੂਕ ਅਬਦੁੱਲਾ ਅਜਮੇਰ ਦਰਗਾਹ ਦੇ ਦਰਸ਼ਨਾਂ ਲਈ ਜਾ ਰਹੇ ਸਨ। ਹਾਦਸੇ ਤੋਂ ਤੁਰੰਤ ਬਾਅਦ ਉਹ ਕੁਝ ਸਮਾਂ ਮੌਕੇ ‘ਤੇ ਰੁਕੇ, ਸਥਿਤੀ ਦਾ ਜਾਇਜ਼ਾ ਲਿਆ ਅਤੇ ਫਿਰ ਦੁਪਹਿਰ 2 ਵਜੇ ਦੇ ਕਰੀਬ ਅਜਮੇਰ ਲਈ ਰਵਾਨਾ ਹੋ ਗਏ।