ਓਟਾਵਾ : ਕੈਨੇਡਾ ਦੀ ਸੰਸਦ ਵਿਚ ਭਾਰਤੀ ਮੂਲ ਦੇ ਸਾਂਸਦਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਕੈਨੇਡਾ ‘ਚ ਜਸਟਿਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰ ਆਰੀਆ ਅਧਿਕਾਰਤ ਤੌਰ ‘ਤੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦੀ ਦੌੜ ‘ਚ ਸ਼ਾਮਲ ਹੋ ਗਏ ਹਨ। ਚੰਦਰ ਆਰੀਆ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ।
ਉਨ੍ਹਾਂ ਸਦਨ ਨੂੰ ਕੰਨੜ ਭਾਸ਼ਾ ਵਿੱਚ ਸੰਬੋਧਨ ਕੀਤਾ। ਚੰਦਰ ਆਰੀਆ ਮੂਲ ਰੂਪ ਵਿੱਚ ਕਰਨਾਟਕ ਦੇ ਤੁਮਕੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਇਸ ਹਫਤੇ ਦੇ ਸ਼ੁਰੂ ਵਿੱਚ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣ ਲੜ ਰਹੇ ਹਨ।
ਚੰਦਰ ਆਰੀਆ ਕੈਨੇਡਾ ਦੇ ਨੇਪੀਅਨ ਤੋਂ ਸੰਸਦ ਮੈਂਬਰ ਹਨ। ਆਰੀਆ ਨੇ ਕਨੇਡਾ ਦੀ ਸੰਸਦ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਇਹ ਲਗਭਗ 5 ਕਰੋੜ ਕੰਨੜਿਗਾਂ ਲਈ ਮਾਣ ਵਾਲੀ ਗੱਲ ਹੈ ਕਿ ਕਰਨਾਟਕ ਦੇ ਤੁਮਕੁਰ ਜ਼ਿਲੇ ਦੇ ਸ਼ਿਰਾ ਤਾਲੁਕ ਦਾ ਇੱਕ ਵਿਅਕਤੀ ਕੈਨੇਡਾ ਵਿੱਚ ਸੰਸਦ ਦਾ ਮੈਂਬਰ ਚੁਣਿਆ ਗਿਆ ਹੈ ਅਤੇ ਹੁਣ ਉਹ ਇਸ ਵੱਕਾਰੀ ਸੰਸਥਾ ਵਿੱਚ ਕੰਨੜ ਵਿੱਚ ਬੋਲ ਰਿਹਾ ਹੈ।”
ਚੰਦਰ ਆਰੀਆ ਨੇ ਲਿਬਰਲ ਪਾਰਟੀ ਦੀ ਮੀਟਿੰਗ ਤੋਂ ਪਹਿਲਾਂ ਆਪਣੀ ਉਮੀਦਵਾਰੀ ਦਾ ਐਲਾਨ ਕਰ ਦਿੱਤਾ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ, “ਮੈਂ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣ ਲੜ ਰਿਹਾ ਹਾਂ।” ਸਾਡਾ ਦੇਸ਼ ਢਾਂਚਾਗਤ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਲਈ ਠੋਸ ਹੱਲ ਦੀ ਲੋੜ ਹੈ। ਸਾਨੂੰ ਆਪਣੇ ਬੱਚਿਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਖੁਸ਼ਹਾਲੀ ਯਕੀਨੀ ਬਣਾਉਣ ਲਈ ਦਲੇਰਾਨਾ ਸਿਆਸੀ ਫੈਸਲੇ ਲੈਣੇ ਪੈਣਗੇ।