ਹਮਾਸ : ਇਜ਼ਰਾਈਲ ਅਤੇ ਹਮਾਸ ਨੇ ਜੰਗਬੰਦੀ ਕਰਨ ਦਾ ਐਲਾਨ ਕੀਤਾ ਹੈ। ਗਾਜ਼ਾ ‘ਚ ਪਿਛਲੇ 15 ਮਹੀਨਿਆਂ ਤੋਂ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਐਤਵਾਰ 19 ਜਨਵਰੀ ਨੂੰ ਖਤਮ ਹੋ ਜਾਵੇਗੀ। ਇਸ ਦੇ ਲਈ ਦੋਹਾਂ ‘ਚ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਨਾਲ ਜੁੜੇ ਸੌਦਿਆਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲ ਰਹਿਮਾਨ ਬਿਨ ਜਾਸਿਮ ਅਲ-ਥਾਨੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਕਤਰ ਦੀ ਰਾਜਧਾਨੀ ਦੋਹਾ ਵਿੱਚ ਪਿਛਲੇ ਕਈ ਹਫ਼ਤਿਆਂ ਤੋਂ ਜੰਗਬੰਦੀ ਲਈ ਗੱਲਬਾਤ ਚੱਲ ਰਹੀ ਸੀ। ਇਸ ਗੱਲਬਾਤ ਵਿੱਚ ਮਿਸਰ ਅਤੇ ਅਮਰੀਕਾ ਵੀ ਸ਼ਾਮਲ ਸਨ। ਇਸ ਸੌਦੇ ਦੇ ਮੁਤਾਬਕ ਹਮਾਸ ਆਪਣੀ ਗ਼ੁਲਾਮੀ ਵਿੱਚ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰੇਗਾ, ਬਦਲੇ ਵਿੱਚ ਇਜ਼ਰਾਈਲ ਹਮਾਸ ਦੇ ਲੋਕਾਂ ਨੂੰ ਵੀ ਰਿਹਾਅ ਕਰੇਗਾ।
ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਕਤਰ ਦੇ ਪੀਐਮ ਥਾਨੀ ਨੇ ਬੁੱਧਵਾਰ ਨੂੰ ਹਮਾਸ ਅਤੇ ਇਜ਼ਰਾਈਲ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਇਹ ਸੌਦਾ ਪੂਰਾ ਹੋ ਗਿਆ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਅਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਹੁਣ ਇਸ ਸੌਦੇ ਦਾ ਸਿਹਰਾ ਲੈਣ ਲਈ ਮੁਕਾਬਲਾ ਸ਼ੁਰੂ ਹੋ ਗਿਆ ਹੈ। ਦੂਜੇ ਪਾਸੇ ਗਾਜ਼ਾ ਵਿੱਚ ਇਜ਼ਰਾਇਲੀ ਹਮਲੇ ਅਜੇ ਵੀ ਜਾਰੀ ਹਨ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਵੀਰਵਾਰ ਨੂੰ ਇਜ਼ਰਾਇਲੀ ਹਮਲੇ ‘ਚ 40 ਲੋਕਾਂ ਦੀ ਮੌਤ ਹੋ ਗਈ।