ਲਖਨਊ: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ (Samajwadi Party President Akhilesh Yadav) ਨੇ ਬੀਤੇ ਦਿਨ ਮਕਰ ਸੰਕ੍ਰਾਂਤੀ ਦੇ ਤਿਉਹਾਰ (Makar Sankranti Festival) ‘ਤੇ ਗੰਗਾ ਨਦੀ ਵਿੱਚ ਇਸ਼ਨਾਨ ਕੀਤਾ । ਸਪਾ ਮੁਖੀ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਆਪਣੇ ਅਧਿਕਾਰਤ ਅਕਾਊਂਟ ‘ਤੇ ਇਕ ਪੋਸਟ ਵਿਚ ਕਿਹਾ, ‘ਮਕਰ ਸੰਕ੍ਰਾਂਤੀ ਦੇ ਪਵਿੱਤਰ ਤਿਉਹਾਰ ‘ਤੇ ਲਿਆ ਮਾਂ ਗੰਗਾ ਦਾ ਆਸ਼ੀਰਵਾਦ ।’
ਅਖਿਲੇਸ਼ ਗੰਗਾ ਇਸ਼ਨਾਨ ਕਰਨ ਹਰਿਦੁਆਰ ਗਏ ਸਨ
ਇਸ ਪੋਸਟ ‘ਚ ਅਖਿਲੇਸ਼ ਯਾਦਵ ਨੇ ਗੰਗਾ ਨਦੀ ‘ਚ ਇਸ਼ਨਾਨ ਕਰਦੇ ਹੋਏ ਆਪਣੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਯਾਦਵ ਦੇ ਪੋਸਟ ‘ਚ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੇ ਗੰਗਾ ‘ਚ ਕਿੱਥੇ ਇਸ਼ਨਾਨ ਕੀਤਾ ਪਰ ਸੂਤਰਾਂ ਮੁਤਾਬਕ ਸਪਾ ਮੁਖੀ ਮਕਰ ਸੰਕ੍ਰਾਂਤੀ ਦੇ ਤਿਉਹਾਰ ‘ਤੇ ਗੰਗਾ ‘ਚ ਇਸ਼ਨਾਨ ਕਰਨ ਲਈ ਹਰਿਦੁਆਰ, ਉਤਰਾਖੰਡ ਗਏ ਸਨ।
ਅਖਿਲੇਸ਼ ਨੇ ਮਹਾਕੁੰਭ ਨੂੰ ਲੈ ਕੇ ਬਿਆਨ ਦਿੱਤਾ ਸੀ
ਇਸ ਤੋਂ ਪਹਿਲਾਂ ਸਵਾਮੀ ਵਿਵੇਕਾਨੰਦ ਦੀ ਜਯੰਤੀ (12 ਜਨਵਰੀ) ‘ਤੇ ਇੱਥੇ ਐੱਸ.ਪੀ ਹੈੱਡਕੁਆਰਟਰ ‘ਚ ਆਯੋਜਿਤ ਇਕ ਪ੍ਰੋਗਰਾਮ ‘ਚ ਜਦੋਂ ਪੱਤਰਕਾਰਾਂ ਨੇ ਅਖਿਲੇਸ਼ ਯਾਦਵ ਨੂੰ ਕੁੰਭ ‘ਚ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਸੀ, ‘ਮੈਂ ਹਮੇਸ਼ਾ ਕੁੰਭ ‘ਚ ਗਿਆ ਹਾਂ ਅਤੇ ਜੇਕਰ ਤੁਸੀਂ ਕਹਿੰਦੇ ਹੋ ਤਾਂ ਉਹ ਤਸਵੀਰ ਵੀ ਸਾਂਝੀ ਕਰ ਸਕਦਾ ਹਾਂ, ਜਦੋਂ ਮੈਂ ਸਮੇਂ-ਸਮੇਂ ‘ਤੇ ਗੰਗਾ ਵਿੱਚ ਇਸ਼ਨਾਨ ਕੀਤਾ ਹੈ।
ਘੱਟੋ-ਘੱਟ ਜਿਹੜੇ ਦੂਜਿਆਂ ਨੂੰ ਗੰਗਾ ਵਿਚ ਇਸ਼ਨਾਨ ਕਰਨ ਲਈ ਕਹਿ ਰਹੇ ਹਨ, ਉਨ੍ਹਾਂ ਨੂੰ ਵੀ ਤਸਵੀਰਾਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ। ਯਾਦਵ ਨੇ ਵਿਅੰਗਮਈ ਢੰਗ ਨਾਲ ਕਿਹਾ ਸੀ, ”ਕੁਝ ਲੋਕ ਚੰਗੇ ਕਰਮ ਕਰਨ ਦੇ ਇਰਾਦੇ ਨਾਲ ਗੰਗਾ ਇਸ਼ਨਾਨ ਕਰਨ ਜਾਂਦੇ ਹਨ, ਕੁਝ ਲੋਕ ਦਾਨ ਕਰਨ ਜਾਂਦੇ ਹਨ ਅਤੇ ਕੁਝ ਲੋਕ ਆਪਣੇ ਪਾਪ ਧੋਣ ਜਾਂਦੇ ਹਨ। ਅਸੀਂ ਨੇਕੀ ਅਤੇ ਦਾਨ ਲਈ ਜਾਵਾਂਗੇ। ”