ਨਵੀਂ ਦਿੱਲੀ : ਦਿੱਲੀ ਵਿਧਾਨਸਭਾ ਚੋਣਾਂ ਵਿਚ ਬਹੁਤ ਘੱਟ ਸਮਾਂ ਰਹਿ ਗਿਆ ਹੈ ਅਤੇ ਕੋਈ ਵੀ ਰਾਜਨੀਤਿਕ ਪਾਰਟੀ ਚੋਣ ਜਿੱਤਣ ਵਿਚ ਕੋਈ ਵੀ ਕਸਰ ਨਹੀਂ ਛੱਡ ਰਹੀ ਹੈ। ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਰਾਜਧਾਨੀ ਦਾ ਦੌਰਾ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ।
ਗੰਦਗੀ ਦਿਖਾਉਂਦੇ ਹੋਏ ਉਨ੍ਹਾਂ ਕੇਜਰੀਵਾਲ ‘ਤੇ ਤਾਅਨੇ ਮਾਰਦੇ ਹੋਏ ਕਿਹਾ, ‘ਇਹ ਕੇਜਰੀਵਾਲ ਜੀ ਦੀ ਚਮਕਦੀ ਦਿੱਲੀ, ਪੈਰਿਸ ਵਰਗੀ ਦਿੱਲੀ ਹੈ।’ ਦਰਅਸਲ, ਰਾਹੁਲ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ (ਆਪ) ‘ਤੇ ਲਗਾਤਾਰ ਹਮਲਾਵਰ ਹਨ। ਉਨ੍ਹਾਂ ਨੇ ਸੋਮਵਾਰ ਨੂੰ ਸੀਲਮਪੁਰ ‘ਚ ਕਾਂਗਰਸ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਅਤੇ ਕੇਜਰੀਵਾਲ ਸਮਾਨ ਹਨ। ਦੋਵੇਂ ਅਡਾਨੀ ਮੁੱਦੇ ‘ਤੇ ਗੱਲ ਨਹੀਂ ਕਰਦੇ ਅਤੇ ਨਾ ਹੀ ਜਾਤੀ ਜਨਗਣਨਾ ‘ਤੇ ਗੱਲ ਕਰਨ ਲਈ ਤਿਆਰ ਹਨ।
ਰਾਹੁਲ ਨੇ ਕਿਹਾ ਸੀ ਕਿ ਕੇਜਰੀਵਾਲ ਵੀ ਪੀਐਮ ਮੋਦੀ ਵਾਂਗ ਝੂਠ ਬੋਲਦੇ ਹਨ। ਦਿੱਲੀ ਵਿੱਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਸਾਰੀਆਂ 70 ਸੀਟਾਂ ‘ਤੇ 5 ਫਰਵਰੀ ਨੂੰ ਵੋਟਿੰਗ ਹੋਵੇਗੀ। ਜਦਕਿ 8 ਫਰਵਰੀ ਨੂੰ ਨਤੀਜੇ ਐਲਾਨੇ ਜਾਣਗੇ। ਦਿੱਲੀ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 23 ਫਰਵਰੀ ਨੂੰ ਖਤਮ ਹੋ ਰਿਹਾ ਹੈ।