ਪ੍ਰਯਾਗਰਾਜ : ਮਹਾਕੁੰਭ ਨੂੰ ਲੈ ਕੇ ਦੇਸ਼ ਵਿਦੇਸ਼ ਦੇ ਲੋਕਾਂ ਵਿਚ ਭਾਰੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ। ਮਹਾਕੁੰਭ ਦਾ ਪਹਿਲਾ ਅੰਮ੍ਰਿਤ ਇਸ਼ਨਾਨ (ਸ਼ਾਹੀ ਇਸ਼ਨਾਨ) ਮੰਗਲਵਾਰ ਸਵੇਰੇ 6.15 ਵਜੇ ਸ਼ੁਰੂ ਹੋਇਆ। ਨਾਗਾ ਸਾਧੂਆਂ ਦੇ ਹੱਥਾਂ ਵਿੱਚ ਤਲਵਾਰ, ਤ੍ਰਿਸ਼ੂਲ ਅਤੇ ਡਮਰੂ ਫੜੇ ਹੋਏ ਸਨ। ‘ਹਰ ਹਰ ਮਹਾਦੇਵ’ ਦਾ ਜਾਪ ਕਰਦੇ ਹੋਏ ਨਾਗਾ ਸਾਧੂ ਅਤੇ ਸੰਤ ਸੰਗਮ ‘ਚ ਪਹੁੰਚ ਰਹੇ ਹਨ।
ਨਿਰਵਾਣਿ-ਨਿਰੰਜਨੀ ਅਖਾੜੇ ਦੇ ਸੰਤਾਂ ਨੇ ਇਸ਼ਨਾਨ ਕੀਤਾ ਹੈ। ਹੁਣ ਮਹਾਂਕੁੰਭ ਦੇ ਸਭ ਤੋਂ ਵੱਡੇ ਜੂਨਾ ਅਖਾੜੇ ਦੇ ਸੰਤ ਸੰਗਮ ਲਈ ਰਵਾਨਾ ਹੋ ਗਏ ਹਨ। ਅਵਾਹਨ, ਅਗਨੀ ਅਤੇ ਕਿੰਨਰ ਅਖਾੜੇ ਦੇ ਸੰਤ ਵੀ ਮੌਜੂਦ ਹਨ। ਸੰਗਮ ਵਿੱਚ ਨਾਗਾ ਸਾਧੂ-ਸੰਤਾਂ ਭਾਰੀ ਗਿਣਤੀ ਵਿਚ ਪਹੁੰਚ ਰਹੇ ਹਨ। ਨਾਗਾ ਸਾਧੂਆਂ ਦੇ ਅੰਮ੍ਰਿਤ ਇਸ਼ਨਾਨ ਦੇ ਦਰਸ਼ਨਾਂ ਲਈ ਸੰਗਮ ਖੇਤਰ ਵਿੱਚ 15 ਤੋਂ 20 ਲੱਖ ਸ਼ਰਧਾਲੂ ਮੌਜੂਦ ਹਨ।
ਦੇਸ਼-ਵਿਦੇਸ਼ ਤੋਂ ਸ਼ਰਧਾਲੂ ਸਾਧਾਂ-ਸੰਤਾਂ ਦਾ ਆਸ਼ੀਰਵਾਦ ਲੈਣ ਲਈ ਉਤਾਵਲੇ ਹਨ। ਕੋਈ ਉਨ੍ਹਾਂ ਦੇ ਪੈਰ ਛੂਹਣ ਲਈ ਦੌੜ ਰਿਹਾ ਹੈ ਅਤੇ ਕੋਈ ਉਨ੍ਹਾਂ ਦੀ ਧੂੜ ਮੱਥੇ ‘ਤੇ ਲਗਾ ਰਿਹਾ ਹੈ। ਸਰਕਾਰ ਮੁਤਾਬਕ ਸਵੇਰੇ 10 ਵਜੇ ਤੱਕ 1 ਕਰੋੜ 38 ਲੱਖ ਸ਼ਰਧਾਲੂ ਸੰਗਮ ‘ਚ ਇਸ਼ਨਾਨ ਕਰ ਚੁੱਕੇ ਹਨ। ਇਸ ਮੁਤਾਬਕ 30 ਘੰਟਿਆਂ ਵਿੱਚ 3 ਕਰੋੜ ਲੋਕਾਂ ਨੇ ਗੰਗਾ ਵਿੱਚ ਇਸ਼ਨਾਨ ਕੀਤਾ। ਤੁਰਕੀ ਦੀ ਰਹਿਣ ਵਾਲੀ ਮੁਸਲਿਮ ਔਰਤ ਪਿਨਾਰ ਨੇ ਮਹਾਕੁੰਭ ਵਿੱਚ ਇਸ਼ਨਾਨ ਕੀਤਾ। ਕਿਹਾ- ਦੋਸਤਾਂ ਤੋਂ ਮਹਾਕੁੰਭ ਬਾਰੇ ਸੁਣਿਆ ਸੀ। ਮੈਨੂੰ ਭਾਰਤ ਆ ਕੇ ਦੇਖਣ ਦੀ ਲੰਬੇ ਸਮੇਂ ਤੋਂ ਇੱਛਾ ਸੀ, ਜੋ ਅੱਜ ਪੂਰਾ ਹੋ ਗਈ ਹੈ।