ਨਵੀਂ ਦਿੱਲੀ : ਦਿੱਲੀ ਵਿਧਾਨਸਭਾ ਚੋਣਾਂ ਇਸ ਵਾਰ ਬਹੁਤ ਜ਼ਿਆਦਾ ਰੋਮਾਂਚਕ ਹੁੰਦੀਆਂ ਜਾ ਰਹੀਆਂ ਹਨ। ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਖਿਲਾਫ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਰਿਟਰਨਿੰਗ ਅਫ਼ਸਰ ਨੇ ਮੁੱਖ ਮੰਤਰੀ ‘ਤੇ ਸਰਕਾਰੀ ਵਾਹਨ ਦੀ ਵਰਤੋਂ ਨਿੱਜੀ ਦਫ਼ਤਰ ਲਈ ਕਰਨ ਦੇ ਦੋਸ਼ ਲਾਏ ਹਨ।
ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਚੋਣਾਂ ਦੇ ਐਲਾਨ ਤੋਂ ਬਾਅਦ ਆਤਿਸ਼ੀ ਨੂੰ 7 ਜਨਵਰੀ ਨੂੰ ਦੁਪਹਿਰ 2:30 ਵਜੇ ਦੇ ਕਰੀਬ ਪੀਡਬਲਯੂਡੀ ਦੇ ਸਰਕਾਰੀ ਵਾਹਨ ‘ਚ ਆਤਿਸ਼ੀ ਦੇ ਨਿੱਜੀ ਚੋਣ ਦਫਤਰ ‘ਚ ਚੋਣ ਸੰਬੰਧੀ ਸਮੱਗਰੀ ਪਹੁੰਚਾਉਂਦੇ ਹੋਏ ਦੇਖਿਆ ਗਿਆ। ਚੋਣ ਜ਼ਾਬਤੇ ਦੇ ਨਿਯਮਾਂ ਅਨੁਸਾਰ ਕੋਈ ਵੀ ਉਮੀਦਵਾਰ ਆਪਣੇ ਨਿੱਜੀ ਕੰਮ ਲਈ ਸਰਕਾਰੀ ਵਾਹਨ ਦੀ ਵਰਤੋਂ ਨਹੀਂ ਕਰ ਸਕਦਾ। ਦਿੱਲੀ ਵਿੱਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਸਾਰੀਆਂ 70 ਸੀਟਾਂ ‘ਤੇ 5 ਫਰਵਰੀ ਨੂੰ ਵੋਟਿੰਗ ਹੋਵੇਗੀ। ਜਦਕਿ 8 ਫਰਵਰੀ ਨੂੰ ਨਤੀਜੇ ਐਲਾਨੇ ਜਾਣਗੇ। ਦਿੱਲੀ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 23 ਫਰਵਰੀ ਨੂੰ ਖਤਮ ਹੋ ਰਿਹਾ ਹੈ।
ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਮੰਗਲਵਾਰ ਸਵੇਰੇ ਕਿਹਾ ਰਾਹੁਲ ਗਾਂਧੀ ਝੂਠੇ ਵਾਅਦੇ ਕਰਦੇ ਹਨ। ਇਸ ਕਾਰਨ ਜਨਤਾ ਉਸ ਨੂੰ ਨਕਾਰ ਰਹੀ ਹੈ। ਦਿੱਲੀ ਵਿੱਚ ਕਾਂਗਰਸ ਅਤੇ ‘ਆਪ’ ਇੱਕ ਦੂਜੇ ਦੇ ਪੂਰਕ ਹਨ। ਦੋਵਾਂ ਨੇ ਮਿਲ ਕੇ ਦਿੱਲੀ ਲੁੱਟੀ ਹੈ। ਉਨ੍ਹਾਂ ਨੂੰ ਸਿਰਫ਼ ਇੱਕ ਭਾਈਚਾਰੇ ਦੀਆਂ ਵੋਟਾਂ ਦੀ ਚਿੰਤਾ ਹੈ।