ਕੈਲੀਫੋਰਨੀਆ : ਕੈਲੀਫੋਰਨੀਆ ‘ਚ ਲਗੀ ਅੱਗ ਦੇ ਕਾਰਨ ਕਈ ਲੋਕ ਬੇਘਰ ਹੋ ਗਏ ਹਨ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਲੱਗੀ ਅੱਗ ‘ਚ 24 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਇੱਕ ਆਸਟਰੇਲੀਆਈ ਟੀਵੀ ਅਦਾਕਾਰ ਰੋਰੀ ਸਾਈਕਸ ਵੀ ਸ਼ਾਮਲ ਸੀ। ਪਿਛਲੇ 7 ਦਿਨਾਂ ਤੋਂ ਲੱਗੀ ਅੱਗ ‘ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ।
ਈਟਨ ਅਤੇ ਪਾਲੀਸਾਡੇਸ ਵਿੱਚ 16 ਲੋਕ ਲਾਪਤਾ ਦੱਸੇ ਗਏ ਹਨ। ਐਤਵਾਰ ਨੂੰ ਲਾਸ ਏਂਜਲਸ ਵਿੱਚ ਹਵਾ ਦੀ ਰਫ਼ਤਾਰ ਥੋੜ੍ਹੀ ਘਟੀ। ਇਸ ਨਾਲ ਫਾਇਰਫਾਈਟਰਜ਼ ਨੂੰ ਅੱਗ ‘ਤੇ ਕਾਬੂ ਪਾਉਣ ‘ਚ ਮਦਦ ਮਿਲੀ। ਹਾਲਾਂਕਿ ਦੇਰ ਰਾਤ ਤੱਕ ਤੇਜ਼ ਹਵਾਵਾਂ ਦੇ ਮੁੜ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਕਾਰਨ ਲਾਸ ਏਂਜਲਸ ਦੇ ਦੋ ਜੰਗਲਾਂ ਵਿੱਚ ਲੱਗੀ ਅੱਗ ਨੂੰ ਜਲਦੀ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਅੱਗ ਦਾ ਘੇਰਾ 40 ਹਜ਼ਾਰ ਏਕੜ ਤੱਕ ਪਹੁੰਚ ਗਿਆ ਹੈ।
ਕਾਉਂਟੀ ਦੇ ਸਾਰੇ ਲੋਕਾਂ ਨੂੰ ਅਗਾਊਂ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਨੂੰ ਕਿਸੇ ਵੀ ਸਮੇਂ ਆਪਣੇ ਘਰ ਖਾਲੀ ਕਰਨ ਲਈ ਕਿਹਾ ਜਾ ਸਕਦਾ ਹੈ। ਰਾਇਟਰਜ਼ ਦੇ ਅਨੁਸਾਰ, ਲਾਸ ਏਂਜਲਸ (ਐਲ.ਏ.) ਵਿੱਚ ਅੱਗ ਲੱਗਣ ਕਾਰਨ ਲਗਭਗ 11.60 ਲੱਖ ਕਰੋੜ ਰੁਪਏ ਤੋਂ 13 ਲੱਖ ਕਰੋੜ ਰੁਪਏ (135-150 ਅਰਬ ਡਾਲਰ) ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇੱਥੇ ਕੁਝ ਹੱਦ ਤੱਕ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਲੋਕਾਂ ਨੂੰ ਮਾਸਕ ਪਹਿਨਣ ਦੀ ਅਪੀਲ ਕੀਤੀ ਗਈ ਹੈ। ਅੱਗ ਨਾਲ ਨਜਿੱਠਣ ਵਿਚ ਅਮਰੀਕਾ ਦੀ ਮਦਦ ਲਈ ਮੈਕਸੀਕੋ ਤੋਂ ਫਾਇਰਫਾਈਟਰ ਪਹੁੰਚ ਗਏ ਹਨ।