ਚੰਡੀਗੜ੍ਹ : ਪੰਜਾਬ ਸਰਕਾਰ ਅੱਜ ਲੋਹੜੀ ਦੇ ਮੌਕੇ ‘ਤੇ ਸ਼ਾਹੀ ਸ਼ਹਿਰ ਪਟਿਆਲਾ ਦੇ ਇਤਿਹਾਸਕ ਕਿਲਾ ਮੁਬਾਰਕ ‘ਚ ਸਥਿਤ ਹੋਟਲ ਰਨਵਾਸ ਦਿ ਪੈਲੇਸ ਨੂੰ ਲੋਕਾਂ ਨੂੰ ਸਮਰਪਿਤ ਕਰੇਗੀ। ਇਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਸਰਕਾਰ ਦਾ ਦਾਅਵਾ ਹੈ ਕਿ ਸਿੱਖ ਮਹਿਲ ਵਿੱਚ ਬਣਿਆ ਇਹ ਦੁਨੀਆ ਦਾ ਇੱਕੋ ਇੱਕ ਹੋਟਲ ਹੈ। ਇਸ ਦੇ ਨਾਲ ਹੀ ਹੁਣ ਰਾਜਸਥਾਨ ਦੀ ਤਰਜ਼ ‘ਤੇ ਇੱਥੇ ਹੋਟਲ ਡੈਸਟੀਨੇਸ਼ਨ ਵੈਡਿੰਗਜ਼ ਨੂੰ ਪ੍ਰਮੋਟ ਕੀਤਾ ਜਾਵੇਗਾ। ਇਸ ਨਾਲ ਸੈਰ ਸਪਾਟੇ ਨੂੰ ਵੀ ਬੜ੍ਹਾਵਾ ਮਿਲੇਗਾ।
ਦੱਸ ਦੇਈਏ ਕਿ ਪੰਜਾਬ ਸਰਕਾਰ ਪਿਛਲੇ ਕਈ ਸਾਲਾਂ ਤੋਂ ਇਸ ਪ੍ਰੋਜੈਕਟ ‘ਤੇ ਕੰਮ ਕਰ ਰਹੀ ਹੈ। ਇਸ ਪ੍ਰੋਜੈਕਟ ਨੇ ਦੋ ਸਾਲ ਪਹਿਲਾਂ 2022 ਵਿੱਚ ਗਤੀ ਫੜੀ ਸੀ। ਕਿਲਾ ਮੁਬਾਰਕ ਵਿੱਚ ਸਥਿਤ ਰਣਵਾਸ, ਗਿਲੂਖਾਨਾ ਅਤੇ ਲੱਸੀ ਖਾਨਾ ਦੇ ਇਲਾਕਿਆਂ ਨੂੰ ਵਿਰਾਸਤੀ ਹੋਟਲਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪੁਰਾਤੱਤਵ ਵਿਭਾਗ ਖੁਦ ਇਸ ਇਮਾਰਤ ਦੀ ਮੁਰੰਮਤ ਦਾ ਕੰਮ ਦਿੱਲੀ ਦੀ ਇੱਕ ਸੰਸਥਾ ਤੋਂ ਕਰਵਾ ਰਿਹਾ ਹੈ।
ਸਰਕਾਰ ਨੇ ਇਸ ਪ੍ਰੋਜੈਕਟ ਲਈ ਸ਼ੁਰੂਆਤੀ ਪੜਾਅ ਵਿੱਚ 6 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਸੀ। ਇਹ ਹੋਟਲ ਪਟਿਆਲਾ ਸ਼ਹਿਰ ਦੇ ਬਾਨੀ ਬਾਬਾ ਆਲਾ ਸਿੰਘ ਦੇ ਘਰ ਕਿਲਾ ਮੁਬਾਰਕ ਦੇ ਅੰਦਰ ਬਣਿਆ ਹੈ ਅਤੇ ਇਸ ਹੋਟਲ ਦੀ ਛੱਤ ਲੱਕੜ ਦੀ ਬਣੀ ਹੋਈ ਹੈ। ਪੁਰਾਣੇ ਸਮਿਆਂ ਵਿੱਚ ਇਸ ਇਮਾਰਤ ਵਿੱਚ ਪਟਿਆਲੇ ਦੀਆਂ ਰਾਣੀਆਂ ਰਹਿੰਦੀਆਂ ਸਨ।
ਕਿਲਾ ਮੁਬਾਰਕ ਨੂੰ ਪਹਿਲੀ ਵਾਰ 1763 ਵਿੱਚ ਪਟਿਆਲਾ ਰਾਜਵੰਸ਼ ਦੇ ਸੰਸਥਾਪਕ ਸਿੱਧੂ ਜਾਟ ਸ਼ਾਕ ਬਾਬਾ ਆਲਾ ਸਿੰਘ ਦੁਆਰਾ ਕੱਚੀ ਗੜ੍ਹੀ ਵਜੋਂ ਬਣਾਇਆ ਗਿਆ ਸੀ। ਬਾਅਦ ਵਿੱਚ ਇਸ ਨੂੰ ਪੱਕੀਆਂ ਇੱਟਾਂ ਨਾਲ ਬਣਾਇਆ ਗਿਆ ਸੀ। 1763 ਵਿੱਚ ਬਣਿਆ ਅਸਲ ਕਿਲ੍ਹਾ, ਪਟਿਆਲਾ ਵਿਖੇ ਗਵਰਨਰ ਹੁਸੈਨ ਖ਼ਾਨ ਦੁਆਰਾ ਬਣਾਏ ਗਏ ਪੂਰਵ-ਮੌਜੂਦਾ ਮੁਗ਼ਲ ਕਿਲ੍ਹੇ ਦਾ ਵਿਸਤਾਰ ਦੱਸਿਆ ਜਾਂਦਾ ਹੈ। ਕਿਲ੍ਹੇ ਦਾ ਅੰਦਰਲਾ ਹਿੱਸਾ, ਜਿਸ ਨੂੰ ਕਿਲ੍ਹਾ ਅੰਦਰੋਂ ਕਿਹਾ ਜਾਂਦਾ ਹੈ, ਮਹਾਰਾਜਾ ਅਮਰ ਸਿੰਘ ਦੁਆਰਾ ਬਣਾਇਆ ਗਿਆ ਸੀ।