ਚੰਡੀਗੜ੍ਹ : ਅੱਜ ਕਿਸਾਨ ਅੰਦੋਲਨ ਲਈ ਇਕ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਪਿਛਲੇ 11 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਦਾ ਸਮਰਥਨ ਮਿਲਿਆ ਹੈ।
ਇਸ ਅੰਦੋਲਨ ਸਬੰਧੀ ਅੱਜ 4 ਘੰਟੇ ਪਟਿਆਲਾ ਦੇ ਪਾਤੜਾਂ ਵਿਖੇ ਮੀਟਿੰਗ ਕੀਤੀ ਗਈ। ਇਸ ਵਿੱਚ ਸ਼ੰਭੂ ਅਤੇ ਖਨੌਰੀ ਮੋਰਚੇ ’ਤੇ ਖੜ੍ਹੇ ਕਿਸਾਨ ਆਗੂ ਅਤੇ ਐਸ.ਕੇ.ਐਮ. ਦੇ ਨੇਤਾ ਸ਼ਾਮਿਲ ਸਨ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਕਿਸਾਨ ਆਗੂ ਸਰਵਣ ਪੰਧੇਰ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ 18 ਜਨਵਰੀ ਨੂੰ ਮੁੜ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚ ਭਵਿੱਖ ਦੀ ਰਣਨੀਤੀ ਤੈਅ ਕੀਤੀ ਜਾਵੇਗੀ।
ਇਸਦੇ ਨਾਲ ਹੀ ਮੀਟਿੰਗ ਵਿੱਚ ਇਸ ਗੱਲ ‘ਤੇ ਵੀ ਚਰਚਾ ਕੀਤੀ ਗਈ ਕਿ ਇਸ ਅੰਦੋਲਨ ਨੂੰ ਕਿਵੇਂ ਅੱਗੇ ਲਿਜਾਇਆ ਜਾਵੇ ਅਤੇ ਸਰਕਾਰ ‘ਤੇ ਕਿਵੇਂ ਦਬਾਅ ਬਣਾਇਆ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਅਸੀਂ ਤਿੰਨ ਮੰਚਾਂ ਦੇ ਆਗੂ ਇੱਕ ਮੰਚ ’ਤੇ ਹਾਂ। ਇਹ ਬਹੁਤ ਸਕਾਰਾਤਮਕ ਗੱਲ ਹੈ। ਇਸ ਦੇ ਨਾਲ ਹੀ ਕਿਸਾਨ ਆਗੂ ਅਭਿਮੰਨਿਊ ਕੋਹਾੜ ਨੇ ਕਿਹਾ ਕਿ ਕੋਈ ਵੀ ਸਾਥੀ ਇੱਕ ਦੂਜੇ ‘ਤੇ ਆਧਾਰਿਤ ਟਿੱਪਣੀ ਨਹੀਂ ਕਰੇਗਾ।