ਪੰਚਕੂਲਾ : ਪੰਚਕੂਲਾ ਦੇ ਇੰਦਰਧਨੁਸ਼ ਆਡੀਟੋਰੀਅਮ ਵਿਚ ਸਵਾਮੀ ਵਿਵੇਕਾਨੰਦ ਦੀ 163ਵੀਂ ਜਯੰਤੀ ‘ਤੇ ਰਾਜ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੇਂਡੂ ਨੌਜਵਾਨਾਂ ਲਈ ਇੱਕੋ ਸਮੇਂ 250 ਜਿੰਮ ਦਾ ਉਦਘਾਟਨ ਕੀਤਾ।
ਰਾਜ ਦੇ ਸਾਲਾਨਾ ਖੇਡ ਕੈਲੰਡਰ ਵਿੱਚ ਅੱਠ ਅਧਿਸੂਚਿਤ ਖੇਡਾਂ ਅਤੇ ਅੰਤਰ ਯੂਥ ਕਲੱਬ ਖੇਡਾਂ ਨੂੰ ਸ਼ਾਮਲ ਕਰਨ ਲਈ ਮੁਫ਼ਤ ਖੇਡ ਸਾਜ਼ੋ-ਸਾਮਾਨ ਦਾ ਵੀ ਐਲਾਨ ਕੀਤਾ ਗਿਆ । ਸੀਐੱਮ ਨੇ ਸੂਬੇ ਦੇ ਹਰ ਬਲਾਕ ਵਿੱਚ ਘੱਟੋ-ਘੱਟ ਇੱਕ ਆਈਟੀਆਈ ਖੋਲ੍ਹਣ ਦੀ ਗੱਲ ਕਹੀ। 20 ਬਲਾਕਾਂ ਵਿੱਚ ਆਈ.ਟੀ.ਆਈਜ਼ ਖੋਲ੍ਹਣ ‘ਤੇ 400 ਕਰੋੜ ਰੁਪਏ ਦੀ ਲਾਗਤ ਆਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਅੱਠ ਅਧਿਸੂਚਿਤ ਖੇਡਾਂ ਵਿੱਚ ਵਾਲੀਬਾਲ, ਫੁੱਟਬਾਲ, ਬਾਸਕਟਬਾਲ, ਹੈਂਡਬਾਲ, ਮੁੱਕੇਬਾਜ਼ੀ, ਕੁਸ਼ਤੀ, ਜੂਡੋ ਅਤੇ ਕ੍ਰਿਕਟ ਸ਼ਾਮਲ ਹਨ। ਇਸ ਤੋਂ ਇਲਾਵਾ ਖੇਡ ਵਿਭਾਗ ਵੱਲੋਂ ਹਰ ਸਾਲ ਯੂਥ ਕਲੱਬਾਂ ਲਈ ਦੋ ਐਡਵੈਂਚਰ ਸਪੋਰਟਸ ਕੈਂਪ ਵੀ ਲਗਾਏ ਜਾਣਗੇ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਪ੍ਰੇਰਿਤ ਕਰਨ ਵਾਲਾ ਗੀਤ ਵੀ ਰਿਲੀਜ਼ ਕੀਤਾ। ਇਸ ਨੂੰ ਮਸ਼ਹੂਰ ਗਾਇਕ ਨਵੀਨ ਪੂਨੀਆ ਨੇ ਗਾਇਆ ਹੈ। ਉਨ੍ਹਾਂ ਨੇ ਆਈਟੀਆਈ ਸਿਖਿਆਰਥੀਆਂ ਨੂੰ ਨੌਕਰੀ ਦੇ ਪੇਸ਼ਕਸ਼ ਪੱਤਰ ਵੀ ਪ੍ਰਦਾਨ ਕੀਤੇ।
ਸੀਐੱਮ ਨੇ ਐਵਾਰਡੀ ਨੌਜਵਾਨਾਂ ਅਤੇ ਐਨਐਸਐਸ ਦੇ ਵਲੰਟੀਅਰਾਂ ਨੂੰ ਸਨਮਾਨਿਤ ਵੀ ਕੀਤਾ। ਮੁੱਖ ਮੰਤਰੀ ਨੇ ਸਵਾਮੀ ਵਿਵੇਕਾਨੰਦ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਨੌਜਵਾਨਾਂ ਨੂੰ ਸੂਬੇ ਵਿੱਚੋਂ ਨਸ਼ਿਆਂ ਦੀ ਸਮਾਜਿਕ ਬੁਰਾਈ ਨੂੰ ਖ਼ਤਮ ਕਰਨ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਤੀਜੇ ਕਾਰਜਕਾਲ ਵਿੱਚ ਯੋਗਤਾ ਦੇ ਆਧਾਰ ‘ਤੇ ਦੋ ਲੱਖ ਨੌਜਵਾਨਾਂ ਨੂੰ ਪੱਕੀ ਸਰਕਾਰੀ ਨੌਕਰੀਆਂ ਦੇਣ ਦਾ ਟੀਚਾ ਮਿਥਿਆ ਗਿਆ ਹੈ।