ਉਨਟਾਰੀਓ : ਡੋਨਾਲਡ ਟਰੰਪ ਲਗਾਤਾਰ ਜਸਟਿਨ ਟਰੂਡੋ ਨੂੰ ਤਨਜ਼ ਕਸਦੇ ਰਹਿੰਦੇ ਹਨ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਕਈ ਵਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਨ ਦੀ ਪੇਸ਼ਕਸ਼ ਕਰ ਚੁੱਕੇ ਹਨ। ਇਸ ਮੁੱਦੇ ‘ਤੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ।
ਟਰੰਪ ਵੱਲੋਂ ਟੈਰਿਫ ਲਗਾਉਣ ਦੀ ਧਮਕੀ ‘ਤੇ ਜਗਮੀਤ ਸਿੰਘ ਨੇ ਕਿਹਾ ਕਿ ਜੇਕਰ ਟਰੰਪ ਨੂੰ ਲੱਗਦਾ ਹੈ ਕਿ ਉਹ ਸਾਡੇ ਨਾਲ ਲੜ ਸਕਦੇ ਹਨ ਤਾਂ ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਮੇਰਾ ਮੰਨਣਾ ਹੈ ਕਿ ਜੇਕਰ ਟਰੰਪ ਸਾਡੇ ‘ਤੇ ਟੈਰਿਫ ਲਗਾਉਂਦੇ ਹਨ, ਤਾਂ ਸਾਨੂੰ ਵੀ ਉਸੇ ਤਰੀਕੇ ਨਾਲ ਜਵਾਬੀ ਟੈਰਿਫ ਲਗਾਉਣੇ ਚਾਹੀਦੇ ਹਨ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣ ਲੜਨ ਵਾਲੇ ਕਿਸੇ ਵੀ ਵਿਅਕਤੀ ਨੂੰ ਅਜਿਹਾ ਕਰਨਾ ਚਾਹੀਦਾ ਹੈ।
ਕੈਲੀਫੋਰਨੀਆ ‘ਚ ਲੱਗੀ ਅੱਗ ‘ਤੇ NDP ਨੇਤਾ ਨੇ ਕਿਹਾ ਕਿ ਜਦੋਂ ਅਮਰੀਕਾ ‘ਚ ਜੰਗਲਾਂ ਦੀ ਅੱਗ ਘਰ ਤਬਾਹ ਕਰ ਰਹੀ ਹੈ ਤਾਂ ਕੈਨੇਡੀਅਨ ਫਾਇਰਫਾਈਟਰ ਮਦਦ ਲਈ ਪਹੁੰਚ ਗਏ ਹਨ। ਅਸੀਂ ਅਜਿਹੇ ਹੀ ਹਾਂ। ਹਮੇਸ਼ਾ ਆਪਣੇ ਗੁਆਂਢੀਆਂ ਦੀ ਮਦਦ ਕਰਦੇ ਹਾਂ। ਦੱਸ ਦੇਈਏ ਕਿ ਜਗਮੀਤ ਸਿੰਘ ਦੀ ਐਨਡੀਪੀ ਪਾਰਟੀ ਦੇ 25 ਸੰਸਦ ਮੈਂਬਰ ਹਨ। ਟਰੂਡੋ ਐਨਡੀਪੀ ਦੇ ਸਮਰਥਨ ਨਾਲ ਸਰਕਾਰ ਚਲਾ ਰਹੇ ਸਨ, ਪਰ ਪਿਛਲੇ ਸਾਲ ਐਨਡੀਪੀ ਨੇ ਉਨ੍ਹਾਂ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਸੀ। ਗਠਜੋੜ ਟੁੱਟਣ ਕਾਰਨ ਟਰੂਡੋ ਸਰਕਾਰ ਘੱਟ ਗਿਣਤੀ ਵਿੱਚ ਆ ਗਈ ਹੈ।
ਇਹ ਸਾਰਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਟਰੂਡੋ ਨੇ ਪਿਛਲੇ ਸਾਲ ਨਵੰਬਰ ‘ਚ ਅਮਰੀਕਾ ‘ਚ ਟਰੰਪ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਦੌਰਾਨ ਟਰੰਪ ਨੇ ਮਜ਼ਾਕ ਵਿਚ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਨ ਦੀ ਪੇਸ਼ਕਸ਼ ਕੀਤੀ। ਇਸ ਤੋਂ ਬਾਅਦ ਉਹ ਕਈ ਵਾਰ ਕੈਨੇਡਾ ਨੂੰ ਅਮਰੀਕਾ ਵਿਚ ਸ਼ਾਮਲ ਕਰਨ ਦੀ ਪੇਸ਼ਕਸ਼ ਕਰ ਚੁੱਕਾ ਹੈ।