ਚੰਡੀਗੜ੍ਹ : ਜਗਜੀਤ ਸਿੰਘ ਡੱਲੇਵਾਲ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਮਰਨ ਵਰਤ ‘ਤੇ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ 13 ਮੰਗਾਂ ਨੂੰ ਲੈ ਕੇ ਖਨੌਰੀ ਸਰਹੱਦ ’ਤੇ ਮਰਨ ਵਰਤ ’ਤੇ ਬੈਠੇ ਨੂੰ 49 ਦਿਨ ਹੋ ਗਏ ਹਨ। ਉਨ੍ਹਾਂ ਦੇ ਡਾਕਟਰਾਂ ਨੇ ਕਿਹਾ ਹੈ ਕਿ ਹੁਣ ਡੱਲੇਵਾਲ ਦਾ ਮਾਸ ਸੁੰਗੜਨ ਲੱਗਾ ਹੈ, ਜੋ ਚਿੰਤਾਜਨਕ ਸਥਿਤੀ ਹੈ।
ਦੂਜੇ ਪਾਸੇ ਇਸ ਅੰਦੋਲਨ ਨੂੰ ਲੈ ਕੇ ਪਟਿਆਲਾ ਦੇ ਪੱਡਾ ਵਿਖੇ ਮੀਟਿੰਗ ਹੋਣ ਜਾ ਰਹੀ ਹੈ। ਇਸ ਵਿੱਚ ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਮੋਰਚੇ ’ਤੇ ਖੜ੍ਹੇ ਕਿਸਾਨ ਆਗੂ ਅਤੇ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦੇ ਆਗੂ ਸ਼ਾਮਲ ਹੋਣਗੇ। ਮੀਟਿੰਗ ਵਿੱਚ ਐਸਕੇਐਮ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਬਾਰੇ ਚਰਚਾ ਕੀਤੀ ਜਾਵੇਗੀ। ਜੇਕਰ ਐਸਕੇਐਮ ਨੂੰ ਸਮਰਥਨ ਮਿਲਦਾ ਹੈ ਤਾਂ ਇਹ ਅੰਦੋਲਨ ਹੋਰ ਵੱਡਾ ਹੋ ਸਕਦਾ ਹੈ, ਕਿਉਂਕਿ ਐਸਕੇਐਮ ਦੇ ਅਧੀਨ 40 ਦੇ ਕਰੀਬ ਗਰੁੱਪ ਹਨ। ਇਹ ਸਾਰੇ ਇਸ ਅੰਦੋਲਨ ਦਾ ਹਿੱਸਾ ਬਣਨਗੇ। ਇਸਦੇ ਨਾਲ ਹੀ ਇਹ ਸੰਘਰਸ਼ ਪੰਜਾਬ ਤੋਂ ਬਾਹਰ ਫੈਲ ਕੇ ਹੋਰਨਾਂ ਸੂਬਿਆਂ ਵਿੱਚ ਵੀ ਪਹੁੰਚੇਗਾ।
ਐਸਕੇਐਮ ਖੇਤੀਬਾੜੀ ਕਾਨੂੰਨ ਦੇ ਖਿਲਾਫ ਦਿੱਲੀ ਵਿੱਚ ਹੋਏ ਅੰਦੋਲਨ ਵਿੱਚ ਪ੍ਰਮੁੱਖ ਸੀ। 49 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਡੱਲੇਵਾਲ ਦੀ ਹਾਲਤ ਖਰਾਬ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਡੱਲੇਵਾਲ ਦੀ ਸਿਹਤ ਵਿਗੜ ਰਹੀ ਹੈ। ਪਹਿਲਾਂ ਹੀ ਉਨ੍ਹਾਂ ਨੂੰ ਬੋਲਣ ਵਿੱਚ ਮੁਸ਼ਕਲ ਆ ਰਹੀ ਸੀ। ਹੁਣ ਉਨ੍ਹਾਂ ਦਾ ਸਰੀਰ ਸੁੰਗੜਨ ਲੱਗਾ ਹੈ।