ਲੰਡਨ : ਸਿੱਖ ਯੂਥ ਯੂ.ਕੇ ਗਰੁੱਪ ਨਾਲ ਜੁੜੇ ਬਰਮਿੰਘਮ ਰਹਿੰਦੇ ਭੈਣ ਅਤੇ ਭਰਾ ਨੂੰ ਅਦਾਲਤ ਨੇ ਦਾਨ ਦੀ ਰਕਮ ’ਚ ਧੋਖਾਧੜੀ ਕਰਨ ਦਾ ਦੋਸ਼ੀ ਕਰਾਰ ਦਿੰਦਿਆਂ ਜੇਲ੍ਹ ਦੀ ਸਜ਼ਾ ਸੁਣਾਈ ਹੈ। ਬਰਮਿੰਘਮ ਕ੍ਰਾਊਨ ਅਦਾਲਤ ਨੇ ਅੱਜ ਰਾਜਬਿੰਦਰ ਕੌਰ (55) ਨੂੰ ਦੋ ਸਾਲ ਅੱਠ ਮਹੀਨੇ ਅਤੇ ਉਸ ਦੇ ਭਰਾ ਕੁਲਦੀਪ ਸਿੰਘ ਲਹਿਲ (43) ਨੂੰ ਚਾਰ ਮਹੀਨੇ ਜੇਲ੍ਹ ਅਤੇ 80 ਘੰਟੇ ਸਮਾਜ ਸੇਵਾ ਦੀ ਸਜ਼ਾ ਸੁਣਾਈ ਹੈ।
ਦੋਵੇਂ ਭੈਣ-ਭਰਾ ਸਿੱਖ ਯੂਥ ਯੂ.ਕੇ ਗਰੁੱਪ (ਐਸ.ਵਾਈ.ਯੂ.ਕੇ) ਚਲਾਉਂਦੇ ਹਨ। ਉਨ੍ਹਾਂ ’ਤੇ ਮਨੀ ਲਾਂਡਰਿੰਗ ਅਤੇ 50 ਹਜ਼ਾਰ ਪੌਂਡ ਦੀ ਰਕਮ ’ਚ ਹੇਰਾਫੇਰੀ ਦੇ ਛੇ ਮਾਮਲਿਆਂ ਅਤੇ ਯੂ.ਕੇ ਦੇ ਚੈਰਿਟੀਜ਼ ਐਕਟ 2011 ਦੀ ਧਾਰਾ 60 ਤਹਿਤ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ। ਇਹ ਜਾਣ-ਬੁੱਝ ਕੇ ਜਾਂ ਲਾਪ੍ਰਵਾਹੀ ਨਾਲ ਚੈਰਿਟੀ ਕਮਿਸ਼ਨ ਨੂੰ ਗ਼ਲਤ ਜਾਣਕਾਰੀ ਦੇਣ ਅਤੇ ਗੁੰਮਰਾਹ ਕਰਨ ਨਾਲ ਜੁੜਿਆ ਮਾਮਲਾ ਹੈ।
ਸਜ਼ਾ ਸੁਣਾਉਣ ਮਗਰੋਂ ਵੈਸਟ ਮਿਡਲੈਂਡਸ ਪੁਲਿਸ ਦੀ ਸੁਪਰਡੈਂਟ ਐਨੀ ਮਿਲਰ ਨੇ ਕਿਹਾ ਕਿ ਰਾਜਬਿੰਦਰ ਕੌਰ ਨੇ ਬੈਂਕ ’ਚ ਕੰਮ ਕਰਨ ਦੇ ਬਾਵਜੂਦ ਵਿੱਤੀ ਮਾਮਲਿਆਂ ਤੋਂ ਅਣਜਾਣ ਹੋਣ ਦਾ ਦਿਖਾਵਾ ਕੀਤਾ। ਪੁਲਿਸ ਅਧਿਕਾਰੀ ਨੇ ਕਿਹਾ ਕਿ ਐਸ.ਵਾਈ.ਯੂ.ਕੇ ਸਪੱਸ਼ਟ ਤੌਰ ’ਤੇ ਉਨ੍ਹਾਂ ਦੇ ਰਹਿਣ-ਸਹਿਣ ਲਈ ਫ਼ੰਡ ਜੁਟਾਉਣ ਅਤੇ ਕਰਜ਼ੇ ਦੇ ਭੁਗਤਾਨ ਦਾ ਸਾਧਨ ਸੀ ਪਰ ਸਿੱਧੇ ਤੌਰ ’ਤੇ ਆਖਿਆ ਜਾਵੇ ਤਾਂ ਰਾਜਬਿੰਦਰ ਕੌਰ ਸਥਾਨਕ ਲੋਕਾਂ ਵਲੋਂ ਲੋਕ ਭਲਾਈ ਕੰਮਾਂ ਲਈ ਦਿੱਤੇ ਗਏ ਦਾਨ ਦੀ ਰਕਮ ਚੋਰੀ ਕਰ ਰਹੀ ਸੀ। ਐਸ.ਵਾਈ.ਯੂ.ਕੇ ਦੇ ਕਾਰਕੁਨਾਂ ਨੇ ਦੋਸ਼ ਲਾਇਆ ਸੀ ਕਿ ਗਰੁੱਪ ਵਿਰੱੁਧ ਬਦਲਾਖੋਰੀ ਤਹਿਤ ਇਹ ਕਾਰਵਾਈ ਕੀਤੀ ਗਈ ਹੈ।