ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦੇ ਨਾਲ-ਨਾਲ ਪੂਰਾ ਉੱਤਰ ਭਾਰਤ ਇਸ ਸਮੇਂ ਕੜਾਕੇ ਦੀ ਠੰਡ ਦਾ ਸਾਹਮਣਾ ਕਰ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ (The Meteorological Department) ਨੇ ਦਿੱਲੀ ਸਮੇਤ ਕੁਝ ਰਾਜਾਂ ਵਿੱਚ ਅੱਜ ਅਤੇ ਭਲਕੇ ਮੀਂਹ ਅਤੇ ਗੜੇ ਪੈਣ ਦੀ ਭਵਿੱਖਬਾਣੀ ਕੀਤੀ ਹੈ। ਲੋਕ ਪਹਿਲਾਂ ਹੀ ਠੰਡ ਅਤੇ ਧੁੰਦ ਤੋਂ ਪ੍ਰੇਸ਼ਾਨ ਸਨ ਅਤੇ ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਬਰਸਾਤ ਕਾਰਨ ਠੰਡ ਹੋਰ ਵਧ ਜਾਵੇਗੀ। ਧੁੰਦ ਕਾਰਨ ਜਿੱਥੇ ਰੇਲ ਗੱਡੀਆਂ ਅਤੇ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ, ਉੱਥੇ ਹੀ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ। ਪਹਾੜਾਂ ‘ਤੇ ਹੋਈ ਬਰਫਬਾਰੀ ਨੇ ਮੈਦਾਨੀ ਇਲਾਕਿਆਂ ‘ਚ ਠੰਡ ਦਾ ਅਹਿਸਾਸ ਕਰਵਾਇਆ ਹੈ। ਆਓ ਜਾਣਦੇ ਹਾਂ ਕਿ ਦੇਸ਼ ਦੇ ਬਾਕੀ ਸੂਬਿਆਂ ‘ਚ ਮੌਸਮ ਦਾ ਕੀ ਹੋਵੇਗਾ ਹਾਲ?
ਪੰਜਾਬ ‘ਚ ਬਦਲੇਗਾ ਮੌਸਮ-
ਪੰਜਾਬ ‘ਚ ਅੱਜ ਮੌਸਮ ਬਦਲੇਗਾ। ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਆਉਣ ਵਾਲੇ ਦਿਨਾਂ ਵਿੱਚ ਸੰਘਣੀ ਧੁੰਦ ਲੋਕਾਂ ਨੂੰ ਪ੍ਰਭਾਵਿਤ ਕਰੇਗੀ। ਹਰਿਆਣਾ ਵਿੱਚ ਅੱਜ ਵੀ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਦੋਵਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ‘ਚ ਵੀ ਅੱਜ ਹਲਕਾ ਮੀਂਹ ਪੈ ਸਕਦਾ ਹੈ।
ਦਿੱਲੀ ‘ਚ ਅੱਜ ਮੀਂਹ
ਭਾਰਤੀ ਮੌਸਮ ਵਿਭਾਗ ਨੇ ਅੱਜ ਦਿੱਲੀ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਸੀ। ਅੱਜ ਦਿੱਲੀ ਵਿੱਚ ਗਰਜ ਸੁਣਾਈ ਦੇ ਸਕਦੀ ਹੈ। ਧੁੰਦ ਅਤੇ ਧੂੰਏਂ ਦਾ ਅਸਰ ਦਿੱਲੀ ਵਿੱਚ ਵੀ ਦੇਖਣ ਨੂੰ ਮਿਲਿਆ। ਮੀਂਹ ਤੋਂ ਬਾਅਦ ਦਿੱਲੀ ਦਾ ਮੌਸਮ ਬਦਲ ਜਾਵੇਗਾ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਹੋਰ ਗਿਰਾਵਟ ਆਵੇਗੀ। ਅੱਜ ਦਿੱਲੀ ਵਿੱਚ ਦਿਨ ਭਰ ਬੱਦਲ ਛਾਏ ਰਹਿਣਗੇ।
ਪਹਾੜਾਂ ‘ਚ ਸੀਤ ਲਹਿਰ ਦਾ ਦੋਹਰਾ ਝਟਕਾ-
ਸੈਲਾਨੀ ਪਹਾੜਾਂ ‘ਤੇ ਬਰਫਬਾਰੀ ਦਾ ਆਨੰਦ ਲੈ ਰਹੇ ਹਨ, ਪਰ ਇਸ ਦੌਰਾਨ ਪਹਾੜੀ ਇਲਾਕਿਆਂ ‘ਚ ਅੱਜ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਅੱਜ ਹਿਮਾਚਲ ਦੇ ਲੋਕਾਂ ਨੂੰ ਮੀਂਹ ਅਤੇ ਸੀਤ ਲਹਿਰ ਦੀ ਦੋਹਰੀ ਮਾਰ ਝੱਲਣੀ ਪੈ ਸਕਦੀ ਹੈ। ਜੰਮੂ-ਕਸ਼ਮੀਰ ‘ਚ ਅੱਜ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਉੱਤਰਾਖੰਡ ‘ਚ ਅੱਜ ਨੀਵੇਂ ਇਲਾਕਿਆਂ ‘ਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।
ਉੱਤਰ ਪ੍ਰਦੇਸ਼ ‘ਚ ਬਦਲੇਗਾ ਮੌਸਮ
ਆਬਾਦੀ ਦੇ ਲਿਹਾਜ਼ ਨਾਲ ਭਾਰਤ ਦਾ ਸਭ ਤੋਂ ਵੱਡਾ ਸੂਬਾ ਉੱਤਰ ਪ੍ਰਦੇਸ਼ ਵੀ ਠੰਢ ਦੀ ਮਾਰ ਝੱਲ ਰਿਹਾ ਹੈ। ਠੰਡ ਅਤੇ ਧੁੰਦ ਕਾਰਨ ਲੋਕ ਪ੍ਰੇਸ਼ਾਨ ਹਨ। ਠੰਡ ਤੋਂ ਬਚਣ ਲਈ ਲੋਕ ਅੱਗ ਦਾ ਸਹਾਰਾ ਲੈ ਰਹੇ ਹਨ। ਯੂ.ਪੀ ਦੇ ਕੁਝ ਜ਼ਿਲ੍ਹਿਆਂ ਵਿੱਚ ਅੱਜ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ। ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਆਵੇਗੀ, ਜਿਸ ਕਾਰਨ ਲੋਕ ਹੋਰ ਵੀ ਪ੍ਰਭਾਵਿਤ ਹੋਣਗੇ।
ਰਾਜਸਥਾਨ ‘ਚ ਡਿੱਗਣਗੇ ਗੜੇ-
ਰਾਜਸਥਾਨ ਪਹਿਲਾਂ ਹੀ ਹੱਡ ਭੰਨਵੀਂ ਠੰਡ ਦਾ ਸਾਹਮਣਾ ਕਰ ਰਿਹਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅੱਜ ਕੁਝ ਜ਼ਿਲ੍ਹਿਆਂ ਵਿੱਚ ਗੜੇਮਾਰੀ ਹੋ ਸਕਦੀ ਹੈ। ਜਿਸ ਕਾਰਨ ਠੰਡ ਆਪਣੇ ਚਰਮ ‘ਤੇ ਪਹੁੰਚ ਜਾਵੇਗੀ। ਕੁਝ ਦਿਨਾਂ ‘ਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਇੱਥੇ ਮੀਂਹ ਵੀ ਪੈ ਸਕਦਾ ਹੈ।