ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਰਾਮ ਲੱਲਾ ਦੀ ਪਹਿਲੀ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਪੀਐੱਮ ਨੇ ਐਕਸ ‘ਤੇ ਲਿਖਿਆ, ‘ਅਯੁੱਧਿਆ ‘ਚ ਰਾਮ ਲੱਲਾ ਦੀ ਪਹਿਲੀ ਵਰ੍ਹੇਗੰਢ ‘ਤੇ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ।’ ਸਦੀਆਂ ਦੀ ਕੁਰਬਾਨੀ, ਤਪੱਸਿਆ ਅਤੇ ਸੰਘਰਸ਼ ਤੋਂ ਬਾਅਦ ਬਣਿਆ ਇਹ ਮੰਦਰ ਸਾਡੀ ਸੰਸਕ੍ਰਿਤੀ ਅਤੇ ਅਧਿਆਤਮਿਕਤਾ ਦੀ ਮਹਾਨ ਵਿਰਾਸਤ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਮੈਨੂੰ ਭਰੋਸਾ ਹੈ ਕਿ ਇਹ ਬ੍ਰਹਮ ਅਤੇ ਵਿਸ਼ਾਲ ਰਾਮ ਮੰਦਰ ਵਿਕਸਤ ਭਾਰਤ ਦੇ ਸੰਕਲਪ ਨੂੰ ਪ੍ਰਾਪਤ ਕਰਨ ਲਈ ਇੱਕ ਮਹਾਨ ਪ੍ਰੇਰਣਾ ਬਣੇਗਾ। ਤੁਹਾਨੂੰ ਦੱਸ ਦੇਈਏ ਕਿ 22 ਜਨਵਰੀ 2024 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸ਼੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ ਸੀ। ਹੁਣ ਇਕ ਸਾਲ ਪੂਰਾ ਹੋਣ ‘ਤੇ ਅਯੁੱਧਿਆ ‘ਚ ਤਿੰਨ ਦਿਨ ਦਾ ਤਿਉਹਾਰ ਆਯੋਜਿਤ ਕੀਤਾ ਜਾ ਰਿਹਾ ਹੈ।
ਮੰਦਿਰ ਟਰੱਸਟ ਦੇ ਅਨੁਸਾਰ, 11 ਤੋਂ 13 ਜਨਵਰੀ ਤੱਕ ਹੋਣ ਵਾਲੇ ਇਸ ਸਮਾਗਮ ਦਾ ਉਦੇਸ਼ 110 ਦੇ ਕਰੀਬ ਸੱਦੇ ਗਏ ਵੀਆਈਪੀਜ਼ ਦੇ ਨਾਲ ਆਮ ਲੋਕਾਂ ਨੂੰ ਸ਼ਾਮਲ ਕਰਨਾ ਹੈ, ਜੋ ਪਿਛਲੇ ਸਾਲ ਇਤਿਹਾਸਕ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ। ਇਹ ਰਸਮ ਰਾਮ ਜਨਮ ਭੂਮੀ ਕੰਪਲੈਕਸ ਦੇ ਅੰਦਰ ਵੱਖ-ਵੱਖ ਥਾਵਾਂ ‘ਤੇ ਹੋਵੇਗੀ। ਤਿੰਨ ਦਿਨਾਂ ਪ੍ਰੋਗਰਾਮ ਵਿੱਚ ਲੋਕ ਗਾਇਕ ਮਾਲਿਨੀ ਅਵਸਥੀ ਵਰਗੇ ਪ੍ਰਸਿੱਧ ਕਲਾਕਾਰ ਆਪਣੀ ਪੇਸ਼ਕਾਰੀ ਕਰਨਗੇ। ਪਲੇਅਬੈਕ ਗਾਇਕਾ ਅਨੁਰਾਧਾ ਪੌਡਵਾਲ, ਕਵੀ ਕੁਮਾਰ ਵਿਸ਼ਵਾਸ ਅਤੇ ਹੋਰ ਵੀ ਲੋਕ
ਸ਼ਿਰਕਤ ਕਰਨਗੇ।