ਚੰਡੀਗੜ੍ਹ : ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਕਣਕ ਅਤੇ ਆਟੇ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਨੂੰ ਨੱਥ ਪਾਉਣ ਅਤੇ ਕਣਕ ਤੇ ਖਾਧ ਖੁਰਾਕ ਦੀਆਂ ਹੋਰ ਜ਼ਰੂਰੀ ਵਸਤਾਂ ਸਸਤੇ ਭਾਅ ਰਾਸ਼ਨ ਡਿਪੂਆਂ ਰਾਹੀਂ ਲੋੜ ਅਨੁਸਾਰ ਮਹੱਈਆ ਕਰਾਉਣ ਦੀ ਮੰਗ ਕੀਤੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਜ਼ਾਰੀ ਕੀਤੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਕੀਮਤਾਂ ਨੂੰ ਠੱਲ੍ਹ ਪਾਉਣ, ਰਾਸ਼ਨ ਡਿਪੂਆਂ ਰਾਹੀਂ ਸਸਤੇ ਭਾਅ ਅਨਾਜ਼ ਤੇ ਰਾਸ਼ਨ ਦੀਆਂ ਹੋਰ ਜ਼ਰੂਰੀ ਵਸਤਾਂ ਮਹੁੱਈਆ ਕਰਾਉਣ ਸਮੇਤ ਹੋਰਨਾਂ ਭਖਦੀਆਂ ਮੰਗਾਂ ਨੂੰ ਲੈ ਕੇ ਯੂਨੀਅਨ ਵੱਲੋਂ 23 ਤੇ 24 ਜਨਵਰੀ ਨੂੰ ਡੀ.ਸੀ ਤੇ ਅੇਸ.ਡੀ.ਐਮ ਦਫ਼ਤਰਾਂ ਅੱਗੇ ਇੱਕ ਰੋਜ਼ਾ ਧਰਨੇ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਕਣਕ ਦਾ ਥੋਕ ਰੇਟ 3100 ਰੁਪਏ ਅਤੇ ਆਟੇ ਦਾ ਰੇਟ 3500 ਰੁਪਏ ਪ੍ਰਤੀ ਕੁਇੰਟਲ ਤੱਕ ਪੁੱਜਣ ਨੇ ਖੇਤ ਮਜ਼ਦੂਰਾਂ ਤੇ ਹੋਰਨਾਂ ਗਰੀਬ ਵਰਗਾਂ ਲਈ ਦੋ ਡੰਗ ਦੀ ਰੋਟੀ ਦੇ ਲਾਲੇ ਪੈਣ ਵਰਗੇ ਹਲਾਤ ਪੈਦਾ ਕਰ ਦਿੱਤੇ ਹਨ।
ਉਹਨਾਂ ਕਿਹਾ ਕਿ ਇੱਕ ਪਾਸੇ ਕਣਕ ਤੇ ਆਟੇ ਸਮੇਤ ਦਾਲਾਂ ਸਬਜੀਆਂ ਵਗੈਰਾ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਦੂਜੇ ਪਾਸੇ ਮਜ਼ਦੂਰ ਵਰਗ ਲਈ ਲੱਕੜ – ਬਾਲਣ ਦੀ ਗੰਭੀਰ ਸਮੱਸਿਆ ਬਣੀ ਹੋਈ ਹੈ। ਖੇਤ ਮਜ਼ਦੂਰ ਆਗੂਆਂ ਨੇ ਕਿਹਾ ਕਿ ਉੱਪਰੋਂ ਕੇਂਦਰ ਸਰਕਾਰ, ਸੂਬਾ ਸਰਕਾਰਾਂ ਨੂੰ ਖੇਤੀ ਮੰਡੀਕਰਨ ਦਾ ਨੀਤੀ ਖਰੜਾ ਭੇਜ ਕੇ ਅਨਾਜ਼ ਅਤੇ ਹੋਰਨਾਂ ਖੁਰਾਕੀ ਵਸਤਾਂ ਉਤੇ ਕਾਰਪੋਰੇਟ ਘਰਾਣਿਆਂ ਦਾ ਮੁਕੰਮਲ ਕਬਜ਼ਾ ਕਰਾਉਣ ਅਤੇ ਫ਼ਸਲਾਂ ਦੀ ਸਰਕਾਰੀ ਖਰੀਦ ਤੋਂ ਭੱਜਣ ਤੇ ਜਨਤਕ ਵੰਡ ਪ੍ਰਣਾਲੀ ਦਾ ਮੁਕੰਮਲ ਖਾਤਮਾ ਕਰਨਾ ਚਾਹੁੰਦੀ ਹੈ। ਮਜ਼ਦੂਰ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰਾਂ ਨੂੰ ਕੇਂਦਰ ਵੱਲੋਂ ਭੇਜਿਆ ਖਰੜਾ ਲਾਗੂ ਹੋਣ ਨਾਲ ਜਿੱਥੇ ਕਿਸਾਨਾਂ ਦੀਆਂ ਫਸਲਾਂ ਲੁੱਟੀਆਂ ਜਾਣਗੀਆਂ ਉਥੇ ਕਣਕ, ਚਾਵਲ ਤੇ ਹੋਰਨਾਂ ਖੁਰਾਕੀ ਵਸਤਾਂ ਦੀ ਮਹਿੰਗਾਈ ਹੋਰ ਵੀ ਵੱਧ ਹੋ ਸਕਦੀ ਹੈ। ਜਿਸ ਨਾਲ ਗਰੀਬ ਲੋਕ ‘ਤੇ ਭੁੱਖਮਰੀ ਦਾ ਵੱਧ ਪ੍ਰਭਾਵ ਪਵੇਗਾ। ਕਿਹਾ ਜਾਂਦਾ ਹੈ ਕਿ ਇਹਨਾਂ ਧਰਨਿਆਂ ਕਾਰਨ ਕੇਂਦਰ ਵੱਲੋਂ ਭੇਜੇ ਨੀਤੀ ਖਰੜੇ ਨੂੰ ਰੱਦ ਕਰਨ ਦੀ ਵੀ ਮੰਗ ਕੀਤੀ ਜਾਵੇਗੀ।