ਪੰਜਾਬ : ਧੁੰਦ ਦੇ ਕਹਿਰ ਨੇ ਨਾਭਾ ਬਲਾਕ ਦੇ ਪਿੰਡ ਦਿੱਤੂਪੁਰ ਵਿੱਚ ਇੱਕ ਪਰਿਵਾਰ ਦੇ ਤਿੰਨ ਚਿਰਾਗ ਬੁਝਾ ਦਿੱਤੇ। ਬੀਤੀ ਰਾਤ 8.30 ਵਜੇ ਜਦੋਂ ਪੰਜ ਨੌਜ਼ਵਾਨ ਕਾਰ ਵਿੱਚ ਸਵਾਰ ਹੋ ਕੇ ਘਰ ਜਾ ਰਹੇ ਸਨ ਤਾਂ ਇੱਕ ਨੌਜ਼ਵਾਨ ਕਾਰ ਵਿੱਚੋਂ ਹੇਠਾਂ ਉਤਰਿਆ ਅਤੇ ਆਪਣੇ ਮੋਬਾਈਲ ਫੋਨ ਦੀ ਟਾਰਚ ਨਾਲ ਉਨ੍ਹਾਂ ਨੂੰ ਰਸਤਾ ਦਿਖਾਉਣ ਲੱਗਾ। ਪਰ ਧੁੰਦ ਇੰਨੀ ਸੰਘਣੀ ਸੀ ਕਿ ਕਾਰ ਜਿਸ ਵਿੱਚ ਚਾਰ ਨੌਜ਼ਵਾਨ ਸਵਾਰ ਸਨ, ਪਿੰਡ ਦੇ ਇੱਕ ਛੱਪੜ ਵਿੱਚ ਜਾ ਡਿੱਗੀ।
ਇੱਕ ਨੌਜ਼ਵਾਨ ਦਾ ਬਚਾਅ ਹੋ ਗਿਆ ਅਤੇ ਤਿੰਨ ਹੋਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜ਼ਵਾਨ ਦੀ ਪਛਾਣ ਕਮਲਪ੍ਰੀਤ ਵਜੋਂ ਹੋਈ ਹੈ ਜੋ 12ਵੀਂ ਜਮਾਤ ਦਾ ਵਿਦਿਆਰਥੀ ਸੀ, ਦੂਜਾ ਨੌਜ਼ਵਾਨ ਹਰਦੀਪ ਸਿੰਘ ਜੋ ਕਿ ਨੇਵੀ ਵਿੱਚ ਸੀ ਅਤੇ ਤੀਜਾ ਨੌਜ਼ਵਾਨ ਇੰਦਰਜੋਤ ਸਿੰਘ ਹੈ ਜੋ ਵੇਰਕਾ ਮਿਲਕ ਪਲਾਂਟ ਵਿੱਚ ਕੰਮ ਕਰਦਾ ਸੀ। ਇਸ ਮੰਦਭਾਗੀ ਘਟਨਾ ਦਾ ਸ਼ਿਕਾਰ ਹੋ ਗਏ। ਹਾਦਸੇ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
ਇਸ ਮੌਕੇ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ ਧੁੰਦ ਕਾਰਨ ਵਾਪਰਿਆ ਹੈ ਕਿਉਂਕਿ ਧੁੰਦ ਬਹੁਤ ਜ਼ਿਆਦਾ ਸੀ ਅਤੇ ਨੌਜ਼ਵਾਨਾਂ ਨੂੰ ਉਮੀਦ ਨਹੀਂ ਸੀ ਕਿ ਕਾਰ ਛੱਪੜ ਵਿੱਚ ਡੁੱਬ ਜਾਵੇਗੀ। ਇਸ ਹਾਦਸੇ ਵਿੱਚ ਤਿੰਨ ਨੌਜ਼ਵਾਨਾਂ ਜੋ ਪਰਿਵਾਰ ਦੇ ਇਕਲੌਤੇ ਪੁੱਤਰ ਸਨ, ਦੀ ਮੌਤ ਹੋ ਗਈ।
ਇਸ ਮੌਕੇ ਪਿੰਡ ਵਾਸੀਆ ਨੇ ਕਿਹਾ ਕਿ ਇਹ ਜੋ ਘਟਨਾ ਵਾਪਰੀ ਹੈ ਉਹ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਹੈ ਕਿਉਂਕਿ ਇੰਨੀ ਵੱਡੀ ਘਟਨਾ ਪਿੰਡ ਵਿੱਚ ਪਹਿਲੀ ਵਾਰ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਤੂੜੀ ਦੀਆਂ ਗੰਢਾਂ ਨਾਲ ਭਰੀਆਂ ਵੱਡੀਆਂ ਟਰਾਲੀਆਂ ਪਿੰਡ ਵਿੱਚੋਂ ਲੰਘ ਰਹੀਆਂ ਸਨ, ਜਿਸ ਕਾਰਨ ਰੇਲਿੰਗ ਵੀ ਟੁੱਟ ਗਈ ਅਤੇ ਇਹ ਹਾਦਸਾ ਵਾਪਰ ਗਿਆ।