ਉੱਤਰ ਪ੍ਰਦੇਸ਼ : ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੇ ਚਾਚਾ ਰਾਜਪਾਲ ਸਿੰਘ ਯਾਦਵ ਦਾ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਸਨ ਅਤੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ (Medanta Hospital) ਵਿੱਚ ਜ਼ੇਰੇ ਇਲਾਜ ਸਨ। ਅੱਜ ਵੀਰਵਾਰ (9 ਜਨਵਰੀ) ਨੂੰ ਸਵੇਰੇ 4 ਵਜੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਯਾਦਵ ਪਰਿਵਾਰ ‘ਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਭਰਾ ਰਾਮਗੋਪਾਲ ਯਾਦਵ ਨੇ ਦੁੱਖ ਪ੍ਰਗਟ ਕੀਤਾ ਹੈ।
ਜੱਦੀ ਪਿੰਡ ਵਿੱਚ ਕੀਤਾ ਜਾਵੇਗਾ ਅੰਤਿਮ ਸਸਕਾਰ
ਲੰਬੇ ਸਮੇਂ ਤੋਂ ਬਿਮਾਰ ਰਾਜਪਾਲ ਯਾਦਵ ਅੱਜ ਜ਼ਿੰਦਗੀ ਦੀ ਲੜਾਈ ਹਾਰ ਗਏ। ਉਨ੍ਹਾਂ ਨੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੱਜ ਗੁਰੂਗ੍ਰਾਮ ਤੋਂ ਉਨ੍ਹਾਂ ਦੇ ਜੱਦੀ ਪਿੰਡ ਸੈਫਈ ਲਿਜਾਇਆ ਜਾਵੇਗਾ। ਜਿੱਥੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਕੁਝ ਸਮੇਂ ਲਈ ਰੱਖਿਆ ਜਾਵੇਗਾ।
ਰਾਮ ਗੋਪਾਲ ਯਾਦਵ ਨੇ ਦੁੱਖ ਕੀਤਾ ਪ੍ਰਗਟ
ਸਪਾ ਨੇਤਾ ਅਤੇ ਉਨ੍ਹਾਂ ਦੇ ਭਰਾ ਰਾਮ ਗੋਪਾਲ ਯਾਦਵ ਨੇ ਰਾਜਪਾਲ ਸਿੰਘ ਯਾਦਵ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਐਕਸ ‘ਤੇ ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, ‘ਮੈਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਮੇਰੇ ਛੋਟੇ ਭਰਾ ਰਾਜਪਾਲ ਸਿੰਘ ਦਾ ਅੱਜ ਤੜਕੇ 4 ਵਜੇ ਮੇਦਾਂਤਾ ਹਸਪਤਾਲ ਗੁੜਗਾਓਂ ‘ਚ ਅਚਾਨਕ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ ਮੇਰੇ ਜੱਦੀ ਪਿੰਡ ਸੈਫਈ ਵਿਖੇ ਕੀਤਾ ਜਾਵੇਗਾ। ‘ਓਮ ਸ਼ਾਂਤੀ!’