ਨੇਪਾਲ : ਅੱਜ ਸਵੇਰੇ ਨੇਪਾਲ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.1 ਦਰਜ ਕੀਤੀ ਗਈ, ਜਦਕਿ ਤਿੱਬਤ ‘ਚ ਵੀ 6.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਨੇਪਾਲ-ਤਿੱਬਤ ਸਰਹੱਦ ਦੇ ਨੇੜੇ ਲੋਬੂਚੇ ਤੋਂ 93 ਕਿਲੋਮੀਟਰ ਉੱਤਰ-ਪੂਰਬ ਵਿੱਚ 10 ਕਿਲੋਮੀਟਰ ਭੂਮੀਗਤ ਸੀ। ਇਸ ਭੂਚਾਲ ਦੇ ਪ੍ਰਭਾਵ ਕਾਰਨ ਬਿਹਾਰ, ਪੱਛਮੀ ਬੰਗਾਲ ਅਤੇ ਝਾਰਖੰਡ ਸਮੇਤ ਭਾਰਤ ਦੇ ਕਈ ਇਲਾਕਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕ ਚੌਕਸ ਹੋ ਗਏ ਅਤੇ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ, ਨੇਪਾਲ ਜਾਂ ਭਾਰਤ ਵਿੱਚ ਹੁਣ ਤੱਕ ਕਿਸੇ ਵੱਡੇ ਨੁਕਸਾਨ ਦੀ ਸੂਚਨਾ ਨਹੀਂ ਹੈ।
ਭੂਚਾਲ ਦਾ ਅਸਰ ਬਿਹਾਰ, ਪੱਛਮੀ ਬੰਗਾਲ ਅਤੇ ਝਾਰਖੰਡ ਸਮੇਤ ਭਾਰਤ ਦੇ ਕਈ ਇਲਾਕਿਆਂ ‘ਚ ਵੀ ਮਹਿਸੂਸ ਕੀਤਾ ਗਿਆ। ਨੇਪਾਲ ਦੇ ਨਾਲ ਲੱਗਦੇ ਬਿਹਾਰ ‘ਚ ਵੀ ਭੂਚਾਲ ਦੇ ਝਟਕਿਆਂ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ ਨੇਪਾਲ ‘ਚ ਇੰਨੀ ਤੀਬਰਤਾ ਦੇ ਭੂਚਾਲ ਦੇ ਬਾਵਜੂਦ ਕਿਸੇ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਗਏ ਵੀਡੀਓ ‘ਚ ਲੋਕ ਸੁਰੱਖਿਅਤ ਥਾਵਾਂ ‘ਤੇ ਜਾਂਦੇ ਨਜ਼ਰ ਆ ਰਹੇ ਹਨ।
ਸਾਲ 2025 ਦੀ ਸ਼ੁਰੂਆਤ ਨੇਪਾਲ ਵਿੱਚ ਭੂਚਾਲ ਦੇ ਝਟਕਿਆਂ ਨਾਲ ਹੋਈ ਹੈ। ਨੇਪਾਲ ਵਿੱਚ ਪਿਛਲੇ ਸੱਤ ਦਿਨਾਂ ਵਿੱਚ ਇਹ ਤੀਜਾ ਭੂਚਾਲ ਹੈ। ਇਸ ਤੋਂ ਪਹਿਲਾਂ 3 ਜਨਵਰੀ ਨੂੰ ਕਰਨਾਲੀ ਸੂਬੇ ਦੇ ਮੁਗੂ ਜ਼ਿਲ੍ਹੇ ‘ਚ 4.4 ਤੀਬਰਤਾ ਦਾ ਭੂਚਾਲ ਰਿਕਾਰਡ ਕੀਤਾ ਗਿਆ ਸੀ, ਜਦਕਿ 2 ਜਨਵਰੀ ਨੂੰ ਸਿੰਧੂਪਾਲਚੋਕ ਜ਼ਿਲ੍ਹੇ ‘ਚ 4.8 ਤੀਬਰਤਾ ਦਾ ਭੂਚਾਲ ਰਿਕਾਰਡ ਕੀਤਾ ਗਿਆ ਸੀ।
ਭੂਗੋਲਿਕ ਤੌਰ ‘ਤੇ ਨੇਪਾਲ ਬਹੁਤ ਜ਼ਿਆਦਾ ਭੂਚਾਲ ਵਾਲੇ ਖੇਤਰ ਵਿੱਚ ਸਥਿਤ ਹੈ। ਇਹ ਹਿਮਾਲੀਅਨ ਸਿਸਮਿਕ ਬੈਲਟ ਵਿੱਚ ਸਥਿਤ ਹੈ, ਜਿੱਥੇ ਭਾਰਤੀ ਅਤੇ ਯੂਰੇਸ਼ੀਅਨ ਟੈਕਟੋਨਿਕ ਪਲੇਟਾਂ ਦੇ ਟਕਰਾਉਣ ਕਾਰਨ ਅਕਸਰ ਭੂਚਾਲ ਆਉਂਦੇ ਹਨ। ਨੇਪਾਲ ਵਿੱਚ ਆਉਣ ਵਾਲੇ ਭੁਚਾਲ ਇਸ ਦੇ ਗੁਆਂਢੀ ਮੁਲਕਾਂ ਖਾਸ ਕਰਕੇ ਭਾਰਤ ਦੇ ਸਰਹੱਦੀ ਇਲਾਕਿਆਂ ਨੂੰ ਵੀ ਪ੍ਰਭਾਵਿਤ ਕਰਦੇ ਹਨ।