ਕੈਨੇਡਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਸੱਤਾਧਾਰੀ ਲਿਬਰਲ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੋਮਵਾਰ ਨੂੰ ਟਰੂਡੋ ਨੇ ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਕਿਹਾ ਕਿ ਪਾਰਟੀ ਦਾ ਨਵਾਂ ਆਗੂ ਚੁਣੇ ਜਾਣ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਦੇਣਗੇ।
ਲਿਬਰਲ ਪਾਰਟੀ ਦਾ ਨਵਾਂ ਆਗੂ ਚੁਣਨ ਦੀ ਦੌੜ ਸ਼ੁਰੂ ਹੋ ਗਈ ਹੈ। ਲਿਬਰਲ ਪਾਰਟੀ ਦੇ ਨਵੇਂ ਨੇਤਾ ਲਈ ਕਈ ਨਾਂ ਸਾਹਮਣੇ ਆਏ ਹਨ। ਦੋ ਭਾਰਤੀ ਮੂਲ ਦੇ ਸਿਆਸਤਦਾਨ ਵੀ ਹਨ, ਜਿਨ੍ਹਾਂ ਵਿੱਚੋਂ ਇੱਕ ਕੈਨੇਡਾ ਦਾ ਨਵਾਂ ਪ੍ਰਧਾਨ ਮੰਤਰੀ ਬਣ ਸਕਦਾ ਹੈ। ਇਸ ਵਿੱਚ ਇੱਕ ਨਾਮ ਅਨੀਤਾ ਆਨੰਦ ਦਾ ਹੈ ਅਤੇ ਦੂਜਾ ਜਾਰਜ ਚਾਹਲ ਦਾ ਹੈ।
ਜਸਟਿਨ ਟਰੂਡੋ ਤੋਂ ਬਾਅਦ ਕਈ ਆਗੂ ਉਨ੍ਹਾਂ ਦੀ ਥਾਂ ਲੈਣ ਦੀ ਦੌੜ ਵਿੱਚ ਹਨ। ਇਨ੍ਹਾਂ ਵਿੱਚ ਕ੍ਰਿਸਟੀਆ ਫ੍ਰੀਲੈਂਡ, ਮਾਰਕ ਕਾਰਨੇ, ਡੋਮਿਨਿਕ ਲੇਬਲੈਂਕ, ਮੇਲਾਨੀ ਜੋਲੀ, ਫ੍ਰੈਂਕੋਇਸ-ਫਿਲਿਪ ਸ਼ੈਂਪੇਨ, ਕ੍ਰਿਸਟੀ ਕਲਾਰਕ, ਅਨੀਤਾ ਆਨੰਦ ਅਤੇ ਜਾਰਜ ਚਾਹਲ ਸ਼ਾਮਲ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਭਾਰਤੀ ਮੂਲ ਦੇ ਦੋ ਸੰਸਦ ਮੈਂਬਰ ਹਨ। ਇਨ੍ਹਾਂ ਵਿੱਚੋਂ ਇੱਕ ਸਾਬਕਾ ਰੱਖਿਆ ਮੰਤਰੀ ਅਤੇ ਮੌਜੂਦਾ ਟਰਾਂਸਪੋਰਟ ਅਤੇ ਅੰਦਰੂਨੀ ਵਪਾਰ ਮੰਤਰੀ ਅਨੀਤਾ ਆਨੰਦ ਹਨ। ਅਨੀਤਾ ਦੇ ਮਾਤਾ-ਪਿਤਾ ਤਾਮਿਲਨਾਡੂ ਅਤੇ ਪੰਜਾਬ, ਭਾਰਤ ਨਾਲ ਸਬੰਧਤ ਹਨ। ਆਨੰਦ ਨੂੰ ਰਾਜਨੀਤੀ ਦਾ ਕਾਫੀ ਤਜਰਬਾ ਹੈ। ਭਾਰਤੀ ਮੂਲ ਦੇ ਇੱਕ ਹੋਰ ਆਗੂ ਅਲਬਰਟਾ ਦੇ ਲਿਬਰਲ ਐਮਪੀ ਜਾਰਜ ਚਾਹਲ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਬਣ ਸਕਦੇ ਹਨ।