ਨਵੀਂ ਦਿੱਲੀ : ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਅੱਜ ਦਿੱਲੀ ਵਿਧਾਨ ਸਭਾ ਚੋਣਾਂ ਸਬੰਧੀ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਦੋ ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਦਾ ਐਲਾਨ ਵੀ ਕੀਤਾ ਗਿਆ। ਇਨ੍ਹਾਂ ਦੋ ਸੀਟਾਂ ਵਿੱਚੋਂ ਇੱਕ ਯੂਪੀ ਦੇ ਅਯੁੱਧਿਆ ਜ਼ਿਲ੍ਹੇ ਦੀ ਮਿਲਕੀਪੁਰ ਵਿਧਾਨ ਸਭਾ ਸੀਟ ਹੈ। ਜਦਕਿ ਦੂਜੀ ਤਾਮਿਲਨਾਡੂ ਦੀ ਇਰੋਡ ਵਿਧਾਨ ਸਭਾ ਸੀਟ ਹੈ। ਇਨ੍ਹਾਂ ਦੋਵਾਂ ਵਿਧਾਨ ਸਭਾ ਸੀਟਾਂ ‘ਤੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਵੋਟਿੰਗ ਹੋਵੇਗੀ। ਦੋਵਾਂ ਸੀਟਾਂ ‘ਤੇ 5 ਫਰਵਰੀ ਨੂੰ ਵੋਟਿੰਗ ਹੋਵੇਗੀ ਅਤੇ 8 ਫਰਵਰੀ ਨੂੰ ਦੋਵਾਂ ਸੀਟਾਂ ਦੇ ਨਤੀਜੇ ਐਲਾਨੇ ਜਾਣਗੇ।
ਦੱਸ ਦੇਈਏ ਕਿ ਪਿਛਲੀ ਵਾਰ ਯੂਪੀ ਦੀ ਮਿਲਕੀਪੁਰ ਸੀਟ ‘ਤੇ ਉਪ ਚੋਣ ਹੋਣੀ ਸੀ, ਪਰ ਮਾਮਲਾ ਅਦਾਲਤ ‘ਚ ਹੋਣ ਕਾਰਨ ਉਪ ਚੋਣ ਨਹੀਂ ਹੋ ਸਕੀ ਸੀ। ਇਸ ਤੋਂ ਇਲਾਵਾ ਦੇਸ਼ ਦੀ ਰਾਜਧਾਨੀ ਦਿੱਲੀ ਦੀ 70 ਮੈਂਬਰੀ ਵਿਧਾਨ ਸਭਾ ਲਈ ਵੀ 5 ਫਰਵਰੀ ਨੂੰ ਵੋਟਾਂ ਪੈਣਗੀਆਂ, ਜਦਕਿ ਵੋਟਾਂ ਦੀ ਗਿਣਤੀ ਤਿੰਨ ਦਿਨ ਬਾਅਦ 8 ਫਰਵਰੀ ਨੂੰ ਹੋਵੇਗੀ।
ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ। ਦਿੱਲੀ ਵਿਧਾਨ ਸਭਾ ਦਾ ਕਾਰਜਕਾਲ 23 ਫਰਵਰੀ ਨੂੰ ਖਤਮ ਹੋ ਰਿਹਾ ਹੈ। ਦਿੱਲੀ ‘ਚ ਵਿਧਾਨ ਸਭਾ ਦੀਆਂ 70 ਸੀਟਾਂ ਹਨ, ਜਿਨ੍ਹਾਂ ‘ਚੋਂ 58 ਜਨਰਲ ਵਰਗ ਲਈ ਜਦਕਿ 12 ਸੀਟਾਂ ਅਨੁਸੂਚਿਤ ਜਾਤੀ ਲਈ ਰਾਖਵੀਆਂ ਹਨ।