ਨਵੀਂ ਦਿੱਲੀ : ਬਾਬਾ ਆਸਾਰਾਮ ਨੂੰ ਲੈ ਕੇ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬਲਾਤਕਾਰ ਦੇ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ 31 ਮਾਰਚ ਤੱਕ ਅੰਤਰਿਮ ਜ਼ਮਾਨਤ ਮਿਲ ਗਈ ਹੈ। ਸੁਪਰੀਮ ਕੋਰਟ ਨੇ ਸਿਹਤ ਦੇ ਆਧਾਰ ‘ਤੇ ਆਸਾਰਾਮ ਨੂੰ ਜ਼ਮਾਨਤ ਦੇ ਦਿੱਤੀ ਹੈ।
ਅਦਾਲਤ ਨੇ ਸਪੱਸ਼ਟ ਕੀਤਾ ਕਿ ਇਹ ਜ਼ਮਾਨਤ 86 ਸਾਲਾ ਆਸਾਰਾਮ ਦੇ ਬੁਢਾਪੇ ਅਤੇ ਖਰਾਬ ਸਿਹਤ ਦੇ ਆਧਾਰ ‘ਤੇ ਦਿੱਤੀ ਗਈ ਹੈ। ਇਸ ਦੌਰਾਨ ਉਹ ਆਪਣਾ ਇਲਾਜ ਕਰਵਾ ਸਕਦਾ ਹੈ। ਹਾਲਾਂਕਿ, ਸੂਰਤ ਰੇਪ ਕੇਸ ਵਿੱਚ ਸੁਪਰੀਮ ਕੋਰਟ ਨੇ ਇਹ ਜ਼ਮਾਨਤ ਦਿੱਤੀ ਹੈ। ਉਸ ਨੂੰ ਜੋਧਪੁਰ ਬਲਾਤਕਾਰ ਮਾਮਲੇ ‘ਚ ਹਾਈਕੋਰਟ ਤੋਂ ਜ਼ਮਾਨਤ ਲੈਣੀ ਪਵੇਗੀ। ਆਸਾਰਾਮ ਨੂੰ ਜੋਧਪੁਰ ਕੇਂਦਰੀ ਜੇਲ੍ਹ ਤੋਂ ਭਗਤ ਕੀ ਕੋਠੀ ਸਥਿਤ ਹੈਲਥ ਕੇਅਰ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਆਸਾਰਾਮ ਦੇ ਵਕੀਲ ਨੇ ਦੱਸਿਆ ਕਿ ਉਹ ਦਿਲ ਦਾ ਮਰੀਜ਼ ਹੈ ਅਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਚੁਕਿਆ ਹੈ। ਸੁਪਰੀਮ ਕੋਰਟ ਨੇ ਮੈਡੀਕਲ ਆਧਾਰ ‘ਤੇ ਜ਼ਮਾਨਤ ਦੇ ਸਮੇਂ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਦੇ ਹੁਕਮ ਵੀ ਦਿੱਤੇ ਹਨ। ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤਾ ਹੈ ਕਿ ਅੰਤਰਿਮ ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਬਾਅਦ ਆਸਾਰਾਮ ਸਬੂਤਾਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ ਅਤੇ ਆਪਣੇ ਪੈਰੋਕਾਰਾਂ ਨੂੰ ਨਹੀਂ ਮਿਲਣਗੇ।