ਪਟਨਾ: ਬਿਹਾਰ ਪਬਲਿਕ ਸਰਵਿਸ ਕਮਿਸ਼ਨ (The Bihar Public Service Commission),(ਬੀ.ਪੀ.ਐਸ.ਸੀ.) ਦੀ ਪ੍ਰੀਖਿਆ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਟਨਾ ਦੇ ਗਾਂਧੀ ਮੈਦਾਨ ਵਿੱਚ ਮਰਨ ਵਰਤ ’ਤੇ ਬੈਠੇ ਜਨ ਸੂਰਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ (Prashant Kishore) ਨੂੰ ਅੱਜ ਸਵੇਰੇ ਗ੍ਰਿਫ਼ਤਾਰ ਕਰ ਲਿਆ ਗਿਆ। ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਗੱਲ ਕਰਦੇ ਹੋਏ, ਪਟਨਾ ਦੇ ਜ਼ਿਲ੍ਹਾ ਮੈਜਿਸਟਰੇਟ ਚੰਦਰਸ਼ੇਖਰ ਸਿੰਘ ਨੇ ਕਿਹਾ, ‘ਹਾਂ, ਗਾਂਧੀ ਮੈਦਾਨ ਵਿੱਚ ਹੜਤਾਲ ‘ਤੇ ਬੈਠੇ ਨੌਜਵਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਪੁਲਿਸ ਨੇ ਅੱਜ ਸਵੇਰੇ ਗ੍ਰਿਫ਼ਤਾਰ ਕਰ ਲਿਆ। ਹੁਣ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਵਿਰੋਧ ‘ਗੈਰ-ਕਾਨੂੰਨੀ’ ਸੀ ਕਿਉਂਕਿ ਉਹ ਇੱਕ ਪਾਬੰਦੀਸ਼ੁਦਾ ਜਗ੍ਹਾ ਦੇ ਨੇੜੇ ਪ੍ਰਦਰਸ਼ਨ ਕਰ ਰਹੇ ਸਨ। ਹਾਲਾਂਕਿ ਉਨ੍ਹਾਂ ਨੂੰ ਕਿੱਥੇ ਰੱਖਿਆ ਗਿਆ ਹੈ, ਇਸ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਉਨ੍ਹਾਂ ਨੂੰ ਹਿਰਾਸਤ ਵਿਚ ਲੈਣ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਦੀ ਮੈਡੀਕਲ ਜਾਂਚ ਕੀਤੀ ਗਈ। ਜਿਸ ਵਿੱਚ ਉਹ ਪੂਰੀ ਤਰ੍ਹਾਂ ਤੰਦਰੁਸਤ ਪਾਏ ਗਏ। ਹੁਣ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਧਰਨੇ ਵਾਲੀ ਥਾਂ ਤੋਂ ਹਟਾ ਦਿੱਤਾ।
ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਕਿਸ਼ੋਰ ਗਾਂਧੀ ਮੈਦਾਨ ‘ਚ ਮਹਾਤਮਾ ਗਾਂਧੀ ਦੀ ਮੂਰਤੀ ਨੇੜੇ ਇਕ ਪਾਬੰਦੀਸ਼ੁਦਾ ਜਗ੍ਹਾ ‘ਤੇ ਪ੍ਰਦਰਸ਼ਨ ਕਰ ਰਹੇ ਸਨ, ਜਿਸ ਕਾਰਨ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਉਮੀਦਵਾਰ ਬੀ.ਪੀ.ਐਸ.ਪੀ. ਵੱਲੋਂ 13 ਦਸੰਬਰ ਨੂੰ ਹੋਣ ਵਾਲੀ ਪ੍ਰੀਖਿਆ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਕਿਸ਼ੋਰ ਨੇ ਉਮੀਦਵਾਰਾਂ ਦੇ ਸਮਰਥਨ ਵਿੱਚ 2 ਜਨਵਰੀ ਨੂੰ ਮਰਨ ਵਰਤ ਸ਼ੁਰੂ ਕੀਤਾ ਸੀ।