ਨਵੀਂ ਦਿੱਲੀ : ਮਾਲਦੀਵ ਲਗਾਤਾਰ ਭਾਰਤ ਨਾਲ ਆਪਣੇ ਸਬੰਧ ਮਜਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਮਾਲਦੀਵ ਵਿੱਚ ਭਾਰਤ ਦੇ ਨਵ-ਨਿਯੁਕਤ ਹਾਈ ਕਮਿਸ਼ਨਰ ਜੀ ਬਾਲਾਸੁਬਰਾਮਨੀਅਮ ਨੇ ਸੋਮਵਾਰ ਨੂੰ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨਾਲ ਮੁਲਾਕਾਤ ਕੀਤੀ। ਦੋਵਾਂ ਦੇਸ਼ਾਂ ਨੇ ਵਿਕਾਸ ਸਹਿਯੋਗ, ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ ਵਧਾਉਣ ਅਤੇ ਲੋਕ-ਦਰ-ਲੋਕ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਵੀ ਚਰਚਾ ਕੀਤੀ।
ਬਾਲਾ ਸੁਬਰਾਮਨੀਅਮ 1998 ਬੈਚ ਦੇ IFS ਅਧਿਕਾਰੀ ਹਨ। ਉਨ੍ਹਾਂ ਦੀ ਮਨੂ ਮਹਾਵਰ ਦੀ ਥਾਂ ਮਾਲਦੀਵ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਵਜੋਂ ਨਿਯੁਕਤੀ ਕੀਤੀ ਹੈ। ਮਹਾਵਰ ਦਾ ਕਾਰਜਕਾਲ ਪਿਛਲੇ ਸਾਲ ਨਵੰਬਰ ‘ਚ ਖਤਮ ਹੋ ਗਿਆ ਸੀ। ਮਾਲਦੀਵ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਟਵਿੱਟਰ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਹਾਈ ਕਮਿਸ਼ਨਰ ਜੀ ਬਾਲਾਸੁਬਰਾਮਨੀਅਮ ਨੇ ਮਾਲਦੀਵ ਦੇ ਰਾਸ਼ਟਰਪਤੀ, ਮਹਾਮਹਿਮ ਮੁਹੰਮਦ ਮੁਈਜ਼ੂ ਨੂੰ ਆਪਣਾ ਪ੍ਰਮਾਣ ਪੱਤਰ ਸੌਂਪਿਆ।
ਕੁਦਰਤੀ ਭਾਈਵਾਲ ਹੋਣ ਦੇ ਨਾਤੇ ਭਾਰਤ ਅਤੇ ਮਾਲਦੀਵ ਦਰਮਿਆਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਵੀ ਚਰਚਾ ਕੀਤੀ ਗਈ। ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦੇ ਦਫ਼ਤਰ ਨੇ ਕਿਹਾ ਕਿ ਰਾਸ਼ਟਰਪਤੀ ਨੇ ਭਾਰਤੀ ਹਾਈ ਕਮਿਸ਼ਨਰ ਦੇ ਪ੍ਰਮਾਣ ਪੱਤਰ ਸਵੀਕਾਰ ਕੀਤੇ ਅਤੇ ਮਾਲਦੀਵ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਵਜੋਂ ਉਨ੍ਹਾਂ ਦਾ ਸਵਾਗਤ ਕੀਤਾ।