ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਨੂੰ ਬਹੁਤ ਘੱਟ ਸਮਾਂ ਰਹਿ ਗਿਆ ਹੈ ਅਤੇ ਸਾਰੀਆਂ ਹੀ ਪਾਰਟੀਆਂ ਦਿੱਲੀ ਵਿਧਾਨਸਭਾ ਚੋਣਾਂ ਜਿੱਤਣ ਲਈ ਪੂਰਾ ਜ਼ੋਰ ਲਗਾ ਰਹੀਆਂ ਹਨ। ਭਾਜਪਾ ਨੇਤਾ ਰਮੇਸ਼ ਬਿਧੂੜੀ ਦੇ ਇਤਰਾਜ਼ਯੋਗ ਬਿਆਨ ‘ਤੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਰੋ ਪਈ।
ਆਤਿਸ਼ੀ ਨੇ ਕਿਹਾ, ਮੇਰੇ ਪਿਤਾ ਸਾਰੀ ਉਮਰ ਅਧਿਆਪਕ ਰਹੇ ਹਨ, ਉਨ੍ਹਾਂ ਨੇ ਦਿੱਲੀ ਦੇ ਹਜ਼ਾਰਾਂ ਮੱਧ ਵਰਗ ਅਤੇ ਹੇਠਲੇ ਮੱਧ ਵਰਗ ਦੇ ਬੱਚਿਆਂ ਨੂੰ ਪੜ੍ਹਾਇਆ ਹੈ, ਅੱਜ ਉਹ 80 ਸਾਲ ਦੇ ਹੋ ਗਏ ਹਨ। ਚੋਣਾਂ ਦੀ ਖ਼ਾਤਰ ਬਿਧੂੜੀ ਅਜਿਹੇ ਘਟੀਆ ਕੰਮ ਕਰਨਗੇ ਕਿ ਕਿਸੇ ਬਜ਼ੁਰਗ ਨੂੰ ਗਾਲ੍ਹਾਂ ਕੱਢਣ ਦਾ ਸਹਾਰਾ ਲੈਣਗੇ। ਆਤਿਸ਼ੀ ਨੇ ਕਿਹਾ ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ ਕਿ ਇਸ ਦੇਸ਼ ਦੀ ਰਾਜਨੀਤੀ ਇੰਨੀ ਨੀਵੇਂ ਪੱਧਰ ‘ਤੇ ਜਾ ਸਕਦੀ ਹੈ।
ਦਿੱਲੀ ਦੀ 70 ਮੈਂਬਰੀ ਵਿਧਾਨ ਸਭਾ ਲਈ ਫਰਵਰੀ ਵਿੱਚ ਚੋਣਾਂ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਦਿੱਲੀ ਦੀ ਅੰਤਿਮ ਵੋਟਰ ਸੂਚੀ ਜਾਰੀ ਕਰ ਦਿੱਤੀ ਹੈ। ਇਸ ਮੁਤਾਬਕ ਰਾਜਧਾਨੀ ‘ਚ 1.55 ਕਰੋੜ ਵੋਟਰ ਵੋਟ ਪਾ ਸਕਣਗੇ। ਚੋਣ ਕਮਿਸ਼ਨ ਦੀ ਸੂਚੀ ਸਾਹਮਣੇ ਆਉਣ ਤੋਂ ਬਾਅਦ ਸੀਐਮ ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਕੀਤੀ। ਜਿਸ ਵਿੱਚ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸੂਬੇ ਵਿੱਚ ਵੋਟਰਾਂ ਨਾਲ ਘਪਲਾ ਕਰ ਰਹੀ ਹੈ। ਇਸ ਦੇ ਬਾਵਜੂਦ ਚੋਣ ਕਮਿਸ਼ਨ ਨੇ ਇਸ ਦੀ ਜਾਂਚ ਨਹੀਂ ਕੀਤੀ।