ਨਵੀਂ ਦਿੱਲੀ : ਭਾਰਤ ਨੂੰ ਪਰਮਾਣੂ ਸ਼ਕਤੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਿਗਿਆਨੀ ਡਾਕਟਰ ਰਾਜਗੋਪਾਲਾ ਚਿਦੰਬਰਮ ਦਾ ਸ਼ਨੀਵਾਰ 4 ਦਸੰਬਰ ਨੂੰ ਦੇਹਾਂਤ ਹੋ ਗਿਆ। ਉਹ 88 ਸਾਲ ਦੇ ਸਨ। ਪਰਮਾਣੂ ਊਰਜਾ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਰਾਜਗੋਪਾਲਾ ਨੇ ਮੁੰਬਈ ਦੇ ਜਸਲੋਕ ਹਸਪਤਾਲ ਵਿੱਚ ਤੜਕੇ 3.20 ਵਜੇ ਆਖਰੀ ਸਾਹ ਲਿਆ।
ਡਾ. ਰਾਜਗੋਪਾਲਾ ਨੇ ਦੇਸ਼ ਵਿੱਚ ਪ੍ਰਮਾਣੂ ਹਥਿਆਰਾਂ ਦੇ ਵਿਕਾਸ ਵਿੱਚ ਸਰਗਰਮ ਭੂਮਿਕਾ ਨਿਭਾਈ। 1974 ਦੇ ਪੋਖਰਣ ਟੈਸਟ ਵਿੱਚ ਵੀ ਉਨ੍ਹਾਂ ਦਾ ਅਹਿਮ ਯੋਗਦਾਨ ਸੀ। ਉਨ੍ਹਾਂ ਨੇ 1998 ਦੇ ਪੋਖਰਣ ਟੈਸਟ ਵਿੱਚ ਵਿਗਿਆਨੀਆਂ ਦੀ ਟੀਮ ਦੀ ਅਗਵਾਈ ਕੀਤੀ ਸੀ। ਡਾ. ਰਾਜਗੋਪਾਲਾ ਨੂੰ 1975 ਵਿੱਚ ਪਦਮ ਸ਼੍ਰੀ ਅਤੇ 1999 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾ. ਰਾਜਗੋਪਾਲਾ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ, “ਡਾ. ਰਾਜਗੋਪਾਲਾ ਨੇ ਭਾਰਤ ਦੀ ਵਿਗਿਆਨਕ ਅਤੇ ਕੂਟਨੀਤਕ ਸ਼ਕਤੀ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਉਹ ਭਾਰਤ ਦੇ ਪਰਮਾਣੂ ਪ੍ਰੋਗਰਾਮ ਦੇ ਆਰਕੀਟੈਕਟਾਂ ਵਿੱਚੋਂ ਇੱਕ ਸਨ। ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੇ ਕੰਮ ਤੋਂ ਪ੍ਰੇਰਨਾ ਲੈਣਗੀਆਂ।”