ਅਮਰੀਕਾ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ (President Donald Trump) ਲਈ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। 20 ਜਨਵਰੀ 2025 ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਵਾਲੇ ਟਰੰਪ ਨੂੰ ਵੱਡੀ ਕਾਨੂੰਨੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਰੰਪ ‘ਤੇ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਪੋਰਨ ਸਟਾਰ ਸਟੋਰਮੀ ਡੇਨੀਅਲਸ ਨੂੰ ਚੁੱਪ ਰਹਿਣ ਲਈ ਪੈਸੇ ਦੇਣ ਦਾ ਦੋਸ਼ ਹੈ। ਹੁਣ ਇਸ ਮਾਮਲੇ ਦੀ ਸੁਣਵਾਈ ਲਈ ਟਰੰਪ ਨੂੰ 10 ਜਨਵਰੀ 2025 ਨੂੰ ਨਿਊਯਾਰਕ ਦੀ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ, ਜਿੱਥੇ ਉਨ੍ਹਾਂ ਨੂੰ ਸਜ਼ਾ ਸੁਣਾਈ ਜਾਵੇਗੀ।
ਕੀ ਹੈ ਹਸ਼ ਮਨੀ ਕੇਸ?
ਇਹ ਮਾਮਲਾ 2016 ਦੀਆਂ ਰਾਸ਼ਟਰਪਤੀ ਚੋਣਾਂ ਨਾਲ ਸਬੰਧਤ ਹੈ। ਇਲਜ਼ਾਮ ਹੈ ਕਿ ਡੋਨਾਲਡ ਟਰੰਪ ਅਤੇ ਪੋਰਨ ਸਟਾਰ ਸਟੋਰਮੀ ਡੇਨੀਅਲਸ ਦੇ ਵਿੱਚ 2006 ਵਿੱਚ ਸਰੀਰਕ ਸਬੰਧ ਸਨ। ਜਦੋਂ ਸਟੋਰਮੀ ਡੇਨੀਅਲਸ ਨੇ ਇਸ ਮਾਮਲੇ ਨੂੰ ਜਨਤਕ ਕਰਨ ਦੀ ਧਮਕੀ ਦਿੱਤੀ ਤਾਂ ਟਰੰਪ ਨੇ ਚੁੱਪ ਰਹਿਣ ਲਈ ਉਸ ਨੂੰ 1 ਲੱਖ 30 ਹਜ਼ਾਰ ਡਾਲਰ ਦਾ ਭੁਗਤਾਨ ਕੀਤਾ। ਇਹ ਭੁਗਤਾਨ ਟਰੰਪ ਨੇ ਚੋਣਾਂ ਦੌਰਾਨ ਉਨ੍ਹਾਂ ਨੂੰ ਚੁੱਪ ਰੱਖਣ ਲਈ ਕੀਤਾ ਸੀ, ਤਾਂ ਜੋ ਚੋਣਾਂ ‘ਚ ਉਨ੍ਹਾਂ ਦੇ ਅਕਸ ‘ਤੇ ਕੋਈ ਮਾੜਾ ਪ੍ਰਭਾਵ ਨਾ ਪਵੇ। ਇਸ ਤੋਂ ਇਲਾਵਾ ਟਰੰਪ ‘ਤੇ ਇਸ ਭੁਗਤਾਨ ਨੂੰ ਕਾਰੋਬਾਰੀ ਰਿਕਾਰਡ ‘ਚ ਛੁਪਾਉਣ ਅਤੇ ਮਾਮਲੇ ਨੂੰ ਧੋਖੇ ਨਾਲ ਪੇਸ਼ ਕਰਨ ਦਾ ਵੀ ਦੋਸ਼ ਹੈ। ਸਟੋਰਮੀ ਡੇਨੀਅਲਸ ਨੇ ਬਾਅਦ ਵਿੱਚ ਘਟਨਾ ਦਾ ਵਰਣਨ ਕਰਦੇ ਹੋਏ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਟਰੰਪ ਨੂੰ ਮਿਲੀ ਸੀ, ਟਰੰਪ ਨੇ ਰੇਸ਼ਮੀ ਪਜਾਮਾ ਪਾਇਆ ਹੋਇਆ ਸੀ ਅਤੇ ਉਸਨੇ ਉਨ੍ਹਾਂ ਤੋਂ ਜਿਨਸੀ ਤੌਰ ‘ਤੇ ਸੰਚਾਰਿਤ ਬਿਮਾਰੀਆਂ (ਐਸ.ਟੀ.ਡੀ.) ਨਾਲ ਸਬੰਧਤ ਸਵਾਲ ਪੁੱਛੇ ਸਨ। ਡੇਨੀਅਲਸ ਨੇ ਇਸ ਘਟਨਾ ਨੂੰ ਲੈ ਕੇ ਪਹਿਲਾਂ ਅਦਾਲਤ ਵਿਚ ਗਵਾਹੀ ਦਿੱਤੀ ਸੀ ਅਤੇ ਦਾਅਵਾ ਕੀਤਾ ਸੀ ਕਿ ਟਰੰਪ ਨੇ ਉਸ ਨੂੰ ਚੁੱਪ ਰਹਿਣ ਲਈ ਭੁਗਤਾਨ ਕੀਤਾ ਸੀ ਤਾਂ ਜੋ ਉਸ ਦੀ ਕਹਾਣੀ ਦਾ ਚੋਣ ਪ੍ਰਭਾਵਿਤ ਨਾ ਹੋਵੇ।