ਨਵੀਂ ਦਿੱਲੀ : ਮਾਲਦੀਵ ਦੇ ਵਿਦੇਸ਼ ਮੰਤਰੀ ਨੇ ਭਾਰਤ ਨਾਲ ਆਪਣੀ ਦੋਸਤੀ ਬਾਰੇ ਗੱਲ ਕੀਤੀ ਹੈ। ਕੁਝ ਸਮਾਂ ਪਹਿਲਾਂ ਭਾਰਤ ਅਤੇ ਮਾਲਦੀਵ ਵਿਚਾਲੇ ਤਣਾਅਪੂਰਨ ਸਥਿਤੀ ਬਣੀ ਹੋਈ ਸੀ। ਹਾਲਾਂਕਿ, ਹੁਣ ਸਥਿਤੀ ਬਦਲ ਗਈ ਹੈ। ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਖਲੀਲ ਤਿੰਨ ਦਿਨਾਂ ਭਾਰਤ ਦੌਰੇ ‘ਤੇ ਆਏ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਦੁਵੱਲੀ ਗੱਲਬਾਤ ਕੀਤੀ।
ਇਸ ਮੁਲਾਕਾਤ ਦੌਰਾਨ ਅਬਦੁੱਲਾ ਖਲੀਲ ਨੇ ਕਿਹਾ ਕਿ ਭਾਰਤ ਹਮੇਸ਼ਾ ਸਾਡੇ ਨਾਲ ਖੜ੍ਹਾ ਰਿਹਾ ਹੈ। ਮੀਟਿੰਗ ਦੌਰਾਨ, ਭਾਰਤ ਅਤੇ ਮਾਲਦੀਵ ਨੇ ਸਰਹੱਦ ਪਾਰ ਵਪਾਰ ਲਈ ਸਥਾਨਕ ਮੁਦਰਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਢਾਂਚੇ ਨੂੰ ਅੰਤਿਮ ਰੂਪ ਦਿੱਤਾ। ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਇਹ ਬੈਠਕ ਦਿੱਲੀ ‘ਚ ਹੋਈ। ਇਸ ਦੌਰਾਨ ਜਿੱਥੇ ਮਾਲਦੀਵ ਦੇ ਵਿਦੇਸ਼ ਮੰਤਰੀ ਨੇ ਭਾਰਤ ਦੇ ਸਮਰਥਨ ਦਾ ਜ਼ਿਕਰ ਕੀਤਾ, ਉੱਥੇ ਹੀ ਬੈਠਕ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਵੱਡੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਮਾਲਦੀਵ ਦੇ ਨਾਲ ਖੜ੍ਹਾ ਹੈ।
ਅਬਦੁੱਲਾ ਖਲੀਲ ਸਮੁੰਦਰੀ ਸੁਰੱਖਿਆ, ਵਪਾਰ ਅਤੇ ਨਿਵੇਸ਼ ਸਮੇਤ ਕਈ ਅਹਿਮ ਖੇਤਰਾਂ ‘ਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਚਰਚਾ ਕਰਨ ਲਈ ਵੀਰਵਾਰ ਨੂੰ ਤਿੰਨ ਦਿਨਾਂ ਦੌਰੇ ‘ਤੇ ਦਿੱਲੀ ਪਹੁੰਚੇ। ਜੈਸ਼ੰਕਰ ਨੇ ਕਿਹਾ ਕਿ ਸਰਹੱਦ ਪਾਰ ਲੈਣ-ਦੇਣ ਲਈ ਸਥਾਨਕ ਮੁਦਰਾਵਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਢਾਂਚੇ ‘ਤੇ ਹਸਤਾਖਰ ਕੀਤੇ ਗਏ ਹਨ। ਪਿਛਲੇ ਸਾਲ ਅਕਤੂਬਰ ‘ਚ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦੀ ਭਾਰਤ ਯਾਤਰਾ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸਬੰਧ ਫਿਰ ਤੋਂ ਮਜ਼ਬੂਤ ਹੋਏ ਹਨ। ਭਾਰਤ ਨੇ ਮਾਲਦੀਵ ਨੂੰ 50 ਮਿਲੀਅਨ ਡਾਲਰ ਦੇ ਭੁਗਤਾਨ ਦੀ ਸਮਾਂ ਸੀਮਾ ਵਧਾ ਦਿੱਤੀ ਸੀ। ਮੁਈਜ਼ੂ ਨੇ ਵੀ ਭਾਰਤ ਨੂੰ ਸੱਚਾ ਦੋਸਤ ਕਿਹਾ ਸੀ।