ਨਵੀਂ ਦਿੱਲੀ : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਲਈ ਸਾਲ 2024 ਬਹੁਤ ਸ਼ਾਨਦਾਰ ਰਿਹਾ। ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਨਵੇਂ ਸਾਲ ਦੇ ਪਹਿਲੇ ਦਿਨ ਲੁਧਿਆਣਾ ‘ਚ ਦਿਲ ਲੁਮੀਨਿਟੀ ਟੂਰ ਦਾ ਆਖਰੀ ਸ਼ੋਅ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਦਿਲਜੀਤ ਨੇ ਪੀਐਮ ਮੋਦੀ ਨੂੰ ਦੇਖਦੇ ਹੀ ਸਲਾਮ ਕੀਤਾ। ਪ੍ਰਧਾਨ ਮੰਤਰੀ ਨੇ ਵੀ ਦੋਸਾਂਝ ਨੂੰ ਸਤਿ ਸ਼੍ਰੀ ਅਕਾਲ ਕਹਿ ਕੇ ਸਵਾਗਤ ਕੀਤਾ।
ਦੋਸਾਂਝ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਪੀਐਮ ਮੋਦੀ ਨਾਲ ਆਪਣੀ ਮੁਲਾਕਾਤ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਵੀ ਸ਼ੇਅਰ ਕੀਤੀਆਂ ਹਨ। ਉਨ੍ਹਾਂ ਇਸ ਮੁਲਾਕਾਤ ਨੂੰ ਯਾਦਗਾਰੀ ਦੱਸਿਆ। ਦਿਲਜੀਤ ਨਾਲ ਉਸਦੀ ਦੀ ਟੀਮ ਵੀ ਮੌਜੂਦ ਸੀ। ਦਿਲਜੀਤ ਦੋਸਾਂਝ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ (ਐਕਸ) ‘ਤੇ ਸ਼ੇਅਰ ਕੀਤੀਆਂ ਹਨ। ਪੋਸਟ ‘ਚ ਉਨ੍ਹਾਂ ਲਿਖਿਆ- ਇਹ 2025 ਦੀ ਸ਼ਾਨਦਾਰ ਸ਼ੁਰੂਆਤ ਹੈ।
ਦਿਲਜੀਤ ਦੋਸਾਂਝ ਨੇ ਲਿਖਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਹੁਤ ਯਾਦਗਾਰੀ ਮੁਲਾਕਾਤ ਹੋਈ। ਅਸੀਂ ਸੰਗੀਤ ਸਮੇਤ ਕਈ ਚੀਜ਼ਾਂ ਬਾਰੇ ਗੱਲ ਕੀਤੀ। ਉਥੇ ਹੀ ਪੀਐਮ ਮੋਦੀ ਨੇ ਐਕਸ ‘ਤੇ ਦਿਲਜੀਤ ਦੋਸਾਂਝ ਦੀ ਪੋਸਟ ਰੀਪੋਸਟ ਕੀਤੀ ਅਤੇ ਲਿਖਿਆ- ਦਿਲਜੀਤ ਦੋਸਾਂਝ ਨਾਲ ਸ਼ਾਨਦਾਰ ਗੱਲਬਾਤ। ਉਹ ਸੱਚਮੁੱਚ ਬਹੁਮੁਖੀ ਹੈ। ਉਹ ਪ੍ਰਤਿਭਾ ਅਤੇ ਪਰੰਪਰਾ ਦਾ ਸੁਮੇਲ ਹੈ। ਅਸੀਂ ਸੰਗੀਤ, ਸੱਭਿਆਚਾਰ ਅਤੇ ਹੋਰ ਬਹੁਤ ਸਾਰੇ ਜ਼ਰੀਏ ਨਾਲ ਜੁੜੇ ਹੋਏ ਹਾਂ।