ਚੰਡੀਗੜ੍ਹ : ਪੰਜਾਬ ‘ਚ ਇਸ ਸਮੇਂ ਬੇਹੱਦ ਠੰਡ ਪੈ ਰਹੀ ਹੈ ਅਤੇ ਸਿਹਤ ਵਿਭਾਗ (Health department) ਨੇ ਵੀ ਲੋਕਾਂ ਨੂੰ ਠੰਡ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਅੱਜ ਸਕੂਲੀ ਵਿਦਿਆਰਥੀਆਂ ਦੀਆਂ ਛੁੱਟੀਆਂ ਖਤਮ ਹੋ ਰਹੀਆਂ ਹਨ। ਦਰਅਸਲ, ਪੰਜਾਬ ਦੇ ਸਕੂਲਾਂ ਵਿੱਚ 31 ਦਸੰਬਰ ਤੱਕ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ, ਪਰ ਹੁਣ ਵਧਦੀ ਠੰਢ ਦੇ ਮੱਦੇਨਜ਼ਰ ਛੁੱਟੀਆਂ ਹੋਰ ਵਧਾਈਆਂ ਜਾ ਸਕਦੀਆਂ ਹਨ।
ਇਸ ਸਮੇਂ ਪੰਜਾਬ ਭਰ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ। ਇਸ ਦੌਰਾਨ ਮਾਪੇ, ਅਧਿਆਪਕ ਅਤੇ ਵਿਦਿਆਰਥੀ ਪ੍ਰੇਸ਼ਾਨ ਹਨ। ਇਸ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਛੁੱਟੀਆਂ ਸਬੰਧੀ ਕੋਈ ਫ਼ੈਸਲਾ ਲੈ ਸਕਦੀ ਹੈ। ਜੇਕਰ ਸਰਕਾਰ ਛੁੱਟੀਆਂ ‘ਚ ਵਾਧਾ ਕਰਦੀ ਹੈ ਤਾਂ ਇਹ ਵਾਧਾ ਕਿੰਨੇ ਦਿਨਾਂ ਤੱਕ ਹੋਵੇਗਾ, ਇਸ ਬਾਰੇ ਅਜੇ ਕੋਈ ਅਪਡੇਟ ਨਹੀਂ ਹੈ।
ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਆਲੇ-ਦੁਆਲੇ ਚੱਕਰਵਾਤੀ ਤੂਫਾਨ ਕਾਰਨ ਸੂਬੇ ‘ਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਕਾਰਨ ਵਿਜ਼ੀਬਿਲਟੀ ਜ਼ੀਰੋ ਤੱਕ ਪਹੁੰਚ ਸਕਦੀ ਹੈ। ਪਹਾੜਾਂ ‘ਤੇ ਬਰਫ਼ਬਾਰੀ ਜਾਰੀ ਹੈ। ਜਿਸ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਠੰਢ ਦਾ ਅਸਰ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ। ਅਜਿਹੇ ‘ਚ ਵਿਦਿਆਰਥੀਆਂ ਖਾਸ ਕਰਕੇ ਛੋਟੇ ਬੱਚਿਆਂ ਨੂੰ ਸਵੇਰੇ ਜਲਦੀ ਸਕੂਲ ਜਾਣਾ ਮੁਸ਼ਕਿਲ ਹੋ ਜਾਵੇਗਾ।