ਵਾਸ਼ਿੰਗਟਨ : ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਬਣਨ ਤੋਂ ਪਹਿਲਾ ਇਕ ਝਟਕਾ ਲਗਿਆ ਹੈ। ਇੱਕ ਅਮਰੀਕੀ ਅਪੀਲੀ ਅਦਾਲਤ ਨੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਅਦਾਲਤ ਨੇ ਸੋਮਵਾਰ ਨੂੰ ਟਰੰਪ ਦੀ ਅਪੀਲ ਨੂੰ ਰੱਦ ਕਰ ਦਿੱਤਾ ਅਤੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਜਿਸ ਵਿੱਚ ਉਸਨੂੰ ਜਿਨਸੀ ਸ਼ੋਸ਼ਣ ਅਤੇ ਮਾਣਹਾਨੀ ਲਈ ਲੇਖਿਕਾ ਈ. ਜੀਨ ਕੈਰੋਲ ਨੂੰ $ 5 ਮਿਲੀਅਨ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ ਸੀ। ਇਹ ਮਾਮਲਾ ਸਾਲ 1996 ਵਿੱਚ ਮੈਨਹਟਨ ਦੇ ਇੱਕ ਡਿਪਾਰਟਮੈਂਟ ਸਟੋਰ ਵਿੱਚ ਵਾਪਰੀ ਇੱਕ ਘਟਨਾ ਨਾਲ ਸਬੰਧਤ ਹੈ। ਇੱਕ ਜਿਊਰੀ ਨੇ ਨੌਂ ਦਿਨਾਂ ਦੀ ਸਿਵਲ ਮੁਕੱਦਮੇ ਤੋਂ ਬਾਅਦ ਟਰੰਪ ਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ ਪਿਛਲੇ ਸਾਲ ਇਹ ਹੁਕਮ ਦਿੱਤਾ ਸੀ।
ਟਰੰਪ ਨੇ ਇਸ ਵਿਰੁੱਧ ਅਪੀਲ ਕੀਤੀ ਸੀ, ਪਰ ਹੁਣ ਟਰੰਪ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਟਰੰਪ ਦੇ ਖਿਲਾਫ ਇਹ ਫੈਸਲਾ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਉਹ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਦੇ ਰੂਪ ‘ਚ ਸਹੁੰ ਚੁੱਕਣ ਦੀ ਤਿਆਰੀ ਕਰ ਰਹੇ ਹਨ। ਕੈਰੋਲ ਨੇ 2023 ਦੇ ਮੁਕੱਦਮੇ ਵਿੱਚ ਗਵਾਹੀ ਦਿੱਤੀ ਕਿ ਟਰੰਪ ਨੇ 1996 ਵਿੱਚ ਇੱਕ ਦੋਸਤਾਨਾ ਮੁਲਾਕਾਤ ਦੌਰਾਨ ਉਸਦਾ ਜਿਨਸੀ ਸ਼ੋਸ਼ਣ ਕੀਤਾ ਸੀ, ਜਦੋਂ ਉਹ ਅਚਾਨਕ ਇੱਕ ਸਟੋਰ ਵਿਚ ਉਸਦੇ ਡਰੈਸਿੰਗ ਰੂਮ ਵਿੱਚ ਵੱਡ ਗਿਆ ਸੀ। ਡੋਨਾਲਡ ਟਰੰਪ ਨੇ ਵਾਰ-ਵਾਰ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਅਜਿਹੀ ਕੋਈ ਘਟਨਾ ਵਾਪਰੀ ਹੈ, ਪਰ ਉਨ੍ਹਾਂ ਨੂੰ ਅਦਾਲਤ ਤੋਂ ਵਾਰ-ਵਾਰ ਝਟਕੇ ਲੱਗੇ ਹਨ।