ਬਠਿੰਡਾ : ਕਿਸਾਨਾਂ ਦੇ ਪੰਜਾਬ ਬੰਦ ਨੂੰ ਵੱਡਾ ਸਮਰਥਨ ਮਿਲਿਆ। ਮਹਾਨਗਰ ਬਠਿੰਡਾ ਦੇ ਸਾਰੇ ਪ੍ਰਮੁੱਖ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਬੱਸ ਅਤੇ ਰੇਲ ਆਵਾਜਾਈ ਵੀ ਪੂਰੀ ਤਰ੍ਹਾਂ ਠੱਪ ਹੋ ਗਈ। ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਵੀ ਬੰਦ ਰਹੀ। ਬੱਸ ਸਟੈਂਡ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ’ਤੇ ਮੁਕੰਮਲ ਸੰਨਾਟਾ ਛਾ ਗਿਆ। ਵਪਾਰੀਆਂ ਅਤੇ ਦੁਕਾਨਦਾਰਾਂ ਨੇ ਹੜਤਾਲ ਨੂੰ ਪੂਰਾ ਸਮਰਥਨ ਦਿੱਤਾ ਅਤੇ ਆਪਣੇ ਕਾਰੋਬਾਰ ਅਤੇ ਦੁਕਾਨਾਂ ਪੂਰੀ ਤਰ੍ਹਾਂ ਬੰਦ ਰੱਖੀਆਂ।
ਸੜਕਾਂ ‘ਤੇ ਆਮ ਲੋਕਾਂ ਦੀ ਆਵਾਜਾਈ ਬਹੁਤ ਘੱਟ ਸੀ ਜਿਸ ਕਾਰਨ ਸੜਕਾਂ ‘ਤੇ ਸੰਨਾਟਾ ਛਾ ਗਿਆ। ਮਹਾਂਨਗਰ ਬਠਿੰਡਾ ਵਿੱਚ ਕਿਸਾਨਾਂ ਨੇ ਭਾਈ ਕਨ੍ਹਈਆ ਚੌਂਕ ਵਿੱਚ ਧਰਨਾ ਦੇ ਕੇ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ। ਪੁਲਿਸ ਨੇ ਕਈ ਸੜਕਾਂ ‘ਤੇ ਬੈਰੀਕੇਡ ਲਗਾ ਕੇ ਆਵਾਜਾਈ ਨੂੰ ਹੋਰ ਸੜਕਾਂ ਵੱਲ ਮੋੜ ਦਿੱਤਾ।
ਬਾਹਰੋਂ ਆਉਣ ਵਾਲੀਆਂ ਕੁਝ ਸਵਾਰੀਆਂ ਵੀ ਬੱਸ ਸਟੈਂਡ ’ਤੇ ਫਸ ਗਈਆਂ ਅਤੇ ਬੱਸਾਂ ਨਾ ਮਿਲਣ ਕਾਰਨ ਉਨ੍ਹਾਂ ਨੂੰ ਬਦਲਵੇਂ ਸਾਧਨਾਂ ਰਾਹੀਂ ਆਪਣੀ ਮੰਜ਼ਿਲ ਵੱਲ ਰਵਾਨਾ ਹੋਣਾ ਪਿਆ। ਸ਼ਹਿਰ ਦੀ ਮੁੱਖ ਸਬਜ਼ੀ ਮੰਡੀ ਤੋਂ ਇਲਾਵਾ ਹੋਰ ਸਬਜ਼ੀ ਮੰਡੀਆਂ ਵੀ ਪੂਰੀ ਤਰ੍ਹਾਂ ਬੰਦ ਰਹੀਆਂ। ਜ਼ਿਲ੍ਹੇ ਵਿੱਚ ਸੰਗਤ ਕੈਂਚੀਆਂ, ਮੌੜ ਮੰਡੀ, ਤਲਵੰਡੀ ਸਾਬੋ ਅਤੇ ਰਾਮਪੁਰਾ ਫੂਲ ਵਿੱਚ ਵੀ ਕਿਸਾਨਾਂ ਨੇ ਧਰਨੇ ਦੇ ਕੇ ਰੋਸ ਪ੍ਰਦਰਸ਼ਨ ਕੀਤਾ।