ਨਵੀਂ ਦਿੱਲੀ : ਡਾ. ਮਨਮੋਹਨ ਸਿੰਘ ਦਾ ਵੀਰਵਾਰ ਰਾਤ ਨੂੰ ਦੇਹਾਂਤ ਹੋ ਗਿਆ ਸੀ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੰਤਿਮ ਸਸਕਾਰ ਅੱਜ ਦਿੱਲੀ ਦੇ ਨਿਗਮਬੋਧ ਘਾਟ ਵਿਖੇ ਹੋਵੇਗਾ। ਉਨ੍ਹਾਂ ਦੀ ਅੰਤਿਮ ਯਾਤਰਾ ਸਵੇਰੇ 9:30 ਵਜੇ ਦਿੱਲੀ ਸਥਿਤ ਏਆਈਸੀਸੀ (ਆਲ ਇੰਡੀਆ ਕਾਂਗਰਸ ਕਮੇਟੀ) ਦੇ ਹੈੱਡਕੁਆਰਟਰ ਤੋਂ ਨਿਗਮਬੋਧ ਘਾਟ ਲਈ ਰਵਾਨਾ ਹੋਵੇਗੀ।
ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ ਡਾ. ਸਿੰਘ ਦੀ ਮ੍ਰਿਤਕ ਦੇਹ ਸ਼ਨੀਵਾਰ ਨੂੰ ਸਵੇਰੇ 8 ਵਜੇ ਉਨ੍ਹਾਂ ਦੀ ਰਿਹਾਇਸ਼ ਤੋਂ ਏ.ਆਈ.ਸੀ.ਸੀ ਹੈੱਡਕੁਆਰਟਰ ਲਿਆਂਦੀ ਜਾਵੇਗੀ, ਜਿੱਥੇ ਲੋਕ ਅਤੇ ਕਾਂਗਰਸੀ ਵਰਕਰ ਸਵੇਰੇ 8:30 ਤੋਂ 9:30 ਤੱਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਸਕਣਗੇ। ਨਿਗਮਬੋਧ ਘਾਟ ‘ਤੇ ਮਨਮੋਹਨ ਸਿੰਘ ਦੇ ਅੰਤਿਮ ਸਸਕਾਰ ‘ਤੇ ਕਾਂਗਰਸ ਨੇ ਨਾਰਾਜ਼ਗੀ ਜਤਾਈ ਹੈ। ਕੇਸੀ ਵੇਣੂਗੋਪਾਲ ਨੇ ਕਿਹਾ- ਸਰਕਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਦੀ ਯਾਦਗਾਰ ਬਣਾਉਣ ਲਈ ਜ਼ਮੀਨ ਵੀ ਨਹੀਂ ਮਿਲੀ।
ਦਰਅਸਲ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਸੀ ਕਿ ਜਿੱਥੇ ਮਨਮੋਹਨ ਸਿੰਘ ਦਾ ਅੰਤਿਮ ਸਸਕਾਰ ਕੀਤਾ ਜਾਵੇ , ਉੱਥੇ ਹੀ ਯਾਦਗਾਰ ਬਣਾਈ ਜਾਵੇ। ਉਨ੍ਹਾਂ ਨੇ ਮੋਦੀ-ਸ਼ਾਹ ਨੂੰ ਫੋਨ ‘ਤੇ ਕਿਹਾ ਕਿ ਇਹ ਸਾਬਕਾ ਪ੍ਰਧਾਨ ਮੰਤਰੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਹਾਲਾਂਕਿ ਗ੍ਰਹਿ ਮੰਤਰਾਲੇ ਨੇ ਦੇਰ ਰਾਤ ਕਿਹਾ ਕਿ ਸਰਕਾਰ ਨੇ ਡਾ. ਮਨਮੋਹਨ ਸਿੰਘ ਦੇ ਸਨਮਾਨ ‘ਚ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਬਾਰੇ ਕਾਂਗਰਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਪਰ ਸਹੀ ਜਗ੍ਹਾ ਤੈਅ ਕਰਨ ਵਿੱਚ ਕੁਝ ਦਿਨ ਲੱਗ ਸਕਦੇ ਹਨ।