Home ਸੰਸਾਰ ਬੰਗਲਾਦੇਸ਼ ਤਣਾਅ ਦਰਮਿਆਨ ਭਾਰਤ ਤੋਂ ਖਰੀਦੇਗਾ ਚੌਲ, ਕਿਹਾ ਭਵਿੱਖ ਦੇ ਸੰਕਟ ਤੋਂ...

ਬੰਗਲਾਦੇਸ਼ ਤਣਾਅ ਦਰਮਿਆਨ ਭਾਰਤ ਤੋਂ ਖਰੀਦੇਗਾ ਚੌਲ, ਕਿਹਾ ਭਵਿੱਖ ਦੇ ਸੰਕਟ ਤੋਂ ਬਚਣ ਲਈ ਲਿਆ ਫੈਸਲਾ

0

ਢਾਕਾ : ਬੰਗਲਾਦੇਸ਼ ‘ਚ ਹਿੰਦੂਆਂ ਖਿਲਾਫ ਕਾਫੀ ਤਸ਼ੱਦਦ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ। ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਵਧਦੇ ਤਣਾਅ ਦੇ ਬਾਵਜੂਦ ਵਪਾਰ ਜਾਰੀ ਹੈ। ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਭਾਰਤ ਤੋਂ ਚੌਲਾਂ ਦੀ ਦਰਾਮਦ ਸ਼ੁਰੂ ਕਰ ਦਿੱਤੀ ਹੈ। ਬੰਗਲਾਦੇਸ਼ ਨੇ ਭਾਰਤ ਤੋਂ 2 ਲੱਖ ਟਨ ਚੌਲ ਖਰੀਦਣ ਦਾ ਫੈਸਲਾ ਕੀਤਾ ਹੈ। ਸ਼ੁੱਕਰਵਾਰ ਨੂੰ 27 ਹਜ਼ਾਰ ਟਨ ਚੌਲਾਂ ਦੀ ਪਹਿਲੀ ਖੇਪ ਬੰਗਲਾਦੇਸ਼ ਦੇ ਚਟਗਾਂਵ ਪਹੁੰਚੀ ਹੈ।

ਬੰਗਲਾਦੇਸ਼ ਦੇ ਇੱਕ ਖੁਰਾਕ ਅਧਿਕਾਰੀ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਫਿਲਹਾਲ ਬੰਗਲਾਦੇਸ਼ ਵਿੱਚ ਚੌਲਾਂ ਦੀ ਕੋਈ ਕਮੀ ਨਹੀਂ ਹੈ। ਹਾਲਾਂਕਿ, ਹਾਲ ਹੀ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ, ਸਰਕਾਰ ਨੇ ਭਵਿੱਖ ਦੇ ਸੰਕਟਾਂ ਤੋਂ ਬਚਣ ਲਈ ਚੌਲਾਂ ਦੀ ਦਰਾਮਦ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ 2 ਲੱਖ ਟਨ ਉਬਲੇ ਚੌਲਾਂ ਤੋਂ ਇਲਾਵਾ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਭਾਰਤ ਤੋਂ ਟੈਂਡਰ ਰਾਹੀਂ 1 ਲੱਖ ਟਨ ਚੌਲ ਵੀ ਦਰਾਮਦ ਕਰੇਗੀ। ਅਧਿਕਾਰੀ ਨੇ ਕਿਹਾ- ਟੈਂਡਰ ਤੋਂ ਇਲਾਵਾ, ਅਸੀਂ ਭਾਰਤ ਸਰਕਾਰ ਤੋਂ (G2G) ਪੱਧਰ ‘ਤੇ ਹੋਰ ਚੌਲਾਂ ਦੀ ਦਰਾਮਦ ਕਰਨ ਦੀ ਯੋਜਨਾ ਬਣਾ ਰਹੇ ਹਾਂ। ਇਸ ਤੋਂ ਇਲਾਵਾ ਭਾਰਤ ਦੇ ਨਿੱਜੀ ਨਿਰਯਾਤਕਾਂ ਤੋਂ ਹੁਣ ਤੱਕ 16 ਲੱਖ ਟਨ ਚੌਲ ਦਰਾਮਦ ਕਰਨ ਦੀ ਬੰਗਲਾਦੇਸ਼ ਸਰਕਾਰ ਤੋਂ ਇਜਾਜ਼ਤ ਲੈ ਲਈ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ 1 ਲੱਖ ਟਨ ਚੌਲਾਂ ਦੀ ਦਰਾਮਦ ਲਈ ਮਿਆਂਮਾਰ ਨਾਲ ਜੀ2ਜੀ ਸਮਝੌਤਾ ਵੀ ਕੀਤਾ ਹੈ। ਇਸ ਦੇ ਨਾਲ ਹੀ ਅਸੀਂ ਵੀਅਤਨਾਮ ਅਤੇ ਪਾਕਿਸਤਾਨ ਨਾਲ ਵੀ ਇਸ ਬਾਰੇ ਗੱਲਬਾਤ ਕਰ ਰਹੇ ਹਾਂ।

ਬੰਗਲਾਦੇਸ਼ ਨੇ ਕੀਮਤਾਂ ਸਥਿਰ ਰੱਖਣ ਲਈ ਚੌਲਾਂ ਦੀ ਦਰਾਮਦ ‘ਤੇ ਸਾਰੀਆਂ ਡਿਊਟੀਆਂ ਹਟਾ ਦਿੱਤੀਆਂ ਹਨ। ਭਾਰਤ ਤੋਂ ਨਿੱਜੀ ਪੱਧਰ ‘ਤੇ ਜ਼ੀਰੋ ਇੰਪੋਰਟ ਡਿਊਟੀ ਦੇ ਨਾਲ ਵੱਡੀ ਮਾਤਰਾ ‘ਚ ਚੌਲਾਂ ਦੀ ਬਰਾਮਦ ਕੀਤੀ ਜਾ ਰਹੀ ਹੈ। ਭਾਰਤ ਨੇ ਵੀ ਬੰਗਲਾਦੇਸ਼ ਦੀ ਨਵੀਂ ਸਰਕਾਰ ਨਾਲ ਕੰਮ ਕਰਨ ਦੀ ਇੱਛਾ ਜਤਾਈ ਹੈ। ਬੰਗਲਾਦੇਸ਼ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਪ੍ਰਣਯ ਕੁਮਾਰ ਵਰਮਾ ਨੇ ਹਾਲ ਹੀ ਵਿੱਚ ਕਿਹਾ ਸੀ ਕਿ 5 ਅਗਸਤ ਦੇ ਗੜਬੜ ਵਾਲੇ ਬਦਲਾਅ ਤੋਂ ਬਾਅਦ ਵੀ ਮੈਨੂੰ ਲੱਗਦਾ ਹੈ ਕਿ ਅਸੀਂ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨਾਲ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਹੈ।

 

Exit mobile version