ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਹੀਂ ਰਹੇ। 92 ਸਾਲ ਦੀ ਉਮਰ ਵਿੱਚ ਦਿੱਲੀ ਏਮਜ਼ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਉਮਰ ਸੰਬੰਧੀ ਸਮੱਸਿਆਵਾਂ ਕਾਰਨ ਵੀਰਵਾਰ ਰਾਤ 8:06 ਵਜੇ ਏਮਜ਼ ‘ਚ ਭਰਤੀ ਕਰਵਾਇਆ ਗਿਆ ਸੀ। ਰਾਤ 9:51 ‘ਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਮਨਮੋਹਨ ਸਿੰਘ ਇੱਕ ਸ਼ਾਨਦਾਰ ਅਰਥ ਸ਼ਾਸਤਰੀ ਸਨ। ਉਹ 1991 ਵਿੱਚ ਦੇਸ਼ ਵਿੱਚ ਸ਼ੁਰੂ ਹੋਏ ਆਰਥਿਕ ਉਦਾਰੀਕਰਨ ਦੇ ਆਰਕੀਟੈਕਟ ਸਨ। ਉਹ 2004 ਤੋਂ 2014 ਤੱਕ ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਦੇ ਦੇਹਾਂਤ ਨਾਲ ਪੂਰੇ ਦੇਸ਼ ‘ਚ ਸੋਗ ਦੀ ਲਹਿਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਵੀ ਮੌਜੂਦ ਸਨ।
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ‘ਤੇ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ, “ਇਹ ਦੇਸ਼ ਅਤੇ ਕਾਂਗਰਸ ਲਈ ਬਹੁਤ ਦੁਖਦਾਈ ਦਿਨ ਹੈ, ਉਹ ਦੇਸ਼ ਦੇ ਸਭ ਤੋਂ ਵਧੀਆ ਪ੍ਰਸ਼ਾਸਕਾਂ ਵਿੱਚੋਂ ਇੱਕ ਸਨ।” ਕੇਂਦਰ ਸਰਕਾਰ ਨੇ 26 ਦਸੰਬਰ, 2024 ਨੂੰ ਨਵੀਂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਤੋਂ ਬਾਅਦ 26 ਦਸੰਬਰ, 2024 ਤੋਂ 1 ਜਨਵਰੀ, 2025 ਤੱਕ ਦੇਸ਼ ਭਰ ਵਿੱਚ ਸੱਤ ਦਿਨਾਂ ਦੇ ਰਾਜਕੀ ਸੋਗ ਦਾ ਐਲਾਨ ਕੀਤਾ ਹੈ।