ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਵੀਰਵਾਰ ਨੂੰ 92 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਮਨਮੋਹਨ ਸਿੰਘ ਦੇ ਦੇਹਾਂਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਨਿਵਾਸ ’ਤੇ ਪਹੁੰਚ ਕੇ ਸ਼ਰਧਾਂਜਲੀ ਵੀ ਭੇਟ ਕੀਤੀ। ਪੀਐਮ ਮੋਦੀ ਨੇ ਕਿਹਾ, ਡਾ. ਮਨਮੋਹਨ ਸਿੰਘ ਜੀ ਦਾ ਦਿਹਾਂਤ ਬੇਹੱਦ ਦੁਖਦ ਹੈ। ਮੈਂ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਨੇ ਦੇਸ਼ ਨੂੰ ਵਿੱਤੀ ਸੰਕਟ ਵਿੱਚੋਂ ਕੱਢਿਆ ਸੀ। ਪੀਐਮ ਮੋਦੀ ਨੇ ਕਿਹਾ, ‘ਮਨਮੋਹਨ ਸਿੰਘ ਦਾ ਜੀਵਨ ਉਨ੍ਹਾਂ ਦੀ ਇਮਾਨਦਾਰੀ ਅਤੇ ਸਾਦਗੀ ਦਾ ਪ੍ਰਤੀਬਿੰਬ ਸੀ। ਉਹ ਇੱਕ ਉੱਘੇ ਸੰਸਦ ਮੈਂਬਰ ਸਨ। ਮਨਮੋਹਨ ਸਿੰਘ ਜੀ ਦਾ ਜੀਵਨ ਹਮੇਸ਼ਾ ਇਹ ਸਬਕ ਸਿਖਾਉਂਦਾ ਰਹੇਗਾ ਕਿ ਕਿਵੇਂ ਕੋਈ ਵਿਅਕਤੀ ਹੀਣਭਾਵਨਾ ਅਤੇ ਸੰਘਰਸ਼ ਤੋਂ ਉੱਪਰ ਉੱਠ ਕੇ ਸਫ਼ਲਤਾ ਹਾਸਲ ਕਰ ਸਕਦਾ ਹੈ।
ਇਸ ਦੇ ਨਾਲ ਹੀ ਵੀਰਵਾਰ ਰਾਤ ਮਨਮੋਹਨ ਸਿੰਘ ਦੇ ਦੇਹਾਂਤ ਦੀ ਖਬਰ ਮਿਲਣ ਤੋਂ ਬਾਅਦ ਪੀਐਮ ਮੋਦੀ ਨੇ ਇੱਕ ਭਾਵੁਕ ਸੰਦੇਸ਼ ਲਿਖਿਆ ਸੀ। ਪੀਐਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ, ‘ਭਾਰਤ ਆਪਣੇ ਸਭ ਤੋਂ ਉੱਘੇ ਨੇਤਾਵਾਂ ਵਿੱਚੋਂ ਇੱਕ ਡਾ. ਮਨਮੋਹਨ ਸਿੰਘ ਜੀ ਦੇ ਦੇਹਾਂਤ ‘ਤੇ ਸੋਗ ਮਨਾ ਰਿਹਾ ਹੈ। ਇੱਕ ਸਾਧਾਰਨ ਪਿਛੋਕੜ ਤੋਂ ਉੱਠ ਕੇ, ਉਹ ਇੱਕ ਪ੍ਰਸਿੱਧ ਅਰਥ ਸ਼ਾਸਤਰੀ ਬਣੇ ਸਨ। ਉਹ ਵਿੱਤ ਮੰਤਰੀ ਸਮੇਤ ਵੱਖ-ਵੱਖ ਸਰਕਾਰੀ ਅਹੁਦਿਆਂ ‘ਤੇ ਰਹੇ ਅਤੇ ਸਾਲਾਂ ਦੌਰਾਨ ਸਾਡੀ ਆਰਥਿਕ ਨੀਤੀ ‘ਤੇ ਡੂੰਘੀ ਛਾਪ ਛੱਡੀ।